Wednesday, November 4, 2026
JalandharPunjab

ਨਕੋਦਰ ਸਹਿਕਾਰੀ ਖੰਡ ਮਿੱਲ ਨੇ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਹਿੰਦੀ ਸੌ ਫੀਸਦੀ ਅਦਾਇਗੀ ਕੀਤੀ : ਜਨਰਲ ਮੈਨੇਜਰ ਤੂਰ

ਅਨਿਲ ਐਰੀ 

ਨਕੋਦਰ ਸਹਿਕਾਰੀ ਖੰਡ ਮਿੱਲ ਨੇ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਹਿੰਦੀ ਸੌ ਫੀਸਦੀ ਅਦਾਇਗੀ ਕੀਤੀ : ਜਨਰਲ ਮੈਨੇਜਰ ਤੂਰ

ਨਕੋਦਰ, 6 ਜੂਨ : ਨਕੋਦਰ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਬੰਧ-ਨਿਰਦੇਸ਼ਕ, ਸ਼ੂਗਰਫੈੱਡ ਪੰਜਾਬ ਸੇਨੂ ਦੁੱਗਲ ਦੇ ਅਣਥੱਕ ਯਤਨਾਂ ਸਦਕਾ ਕਿਸਾਨਾਂ ਦੀ ਮੁੱਖ ਮੰਗ ਨੂੰ ਸਵੀਕਾਰਦਿਆਂ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਵਿਚ ਪੰਜਾਬ ਸਰਕਾਰ ਦੇ ਵਿੱਤੀ ਸਹਿਯੋਗ ਨਾਲ ਚੱਲ ਰਹੀ ‘ਦਿ ਨਕੋਦਰ ਸਹਿਕਾਰੀ ਖੰਡ ਮਿੱਲਜ਼ ਲਿਮ., ਨਕੋਦਰ ਵੱਲੋਂ ਸਾਲ 2025-26 ਦੌਰਾਨ ਖ਼ਰੀਦ ਕੀਤੇ ਗਏ ਗੰਨੇ ਦੀ ਬਕਾਇਆ ਰਹਿੰਦੀ ਸਾਰੀ ਦੀ ਸਾਰੀ ਰਾਸ਼ੀ ਰਿਲੀਜ਼ ਕਰ ਦਿੱਤੀ ਗਈ ਹੈ, ਜੋ ਕਿ ਸਬੰਧਤ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿਚ ਕ੍ਰੈਡਿਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਨਕੋਦਰ ਸਹਿਕਾਰੀ ਖੰਡ ਮਿੱਲ ਦਾ ਕਿਸੇ ਵੀ ਸੀਜ਼ਨ ਦਾ ਗੰਨੇ ਦੀ ਅਦਾਇਗੀ ਬਾਬਤ ਕੋਈ ਵੀ ਬਕਾਇਆ ਪੈਂਡਿੰਗ ਨਹੀਂ ਹੈ।
ਉਨ੍ਹਾਂ ਕਿਹਾ ਕਿ ਮਿੱਲ ਵਲੋਂ ਕੋਰਾਜਿਨ, ਕਲੋਰੋ ਅਤੇ ਖੰਡ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾ ਰਹੀ ਹੈ, ਜੋ ਕਿ ਕਿਸਾਨ ਮਿੱਲ ਦੇ ਸਰਵੇਅਰਾਂ ਨਾਲ ਸੰਪਰਕ ਕਰ ਕੇ ਲਿਜਾ ਸਕਦੇ ਹਨ। ਉਨ੍ਹਾਂ ਹਲਕੇ ਦੇ ਕਿਸਾਨਾਂ ਨੂੰ ਭਵਿੱਖ ਵਿੱਚ ਵੀ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਅਤੇ ਆਉਣ ਵਾਲੇ ਪਿੜਾਈ ਸੀਜ਼ਨ 2026-27 ਦੌਰਾਨ ਮਿੱਲ ਨੂੰ ਸਾਫ-ਸੁਥਰਾ ਗੰਨਾ ਮੁਹੱਈਆ ਕਰਨ ਦੀ ਅਪੀਲ ਕੀਤੀ ਤਾਂ ਜੋ ਹਲਕੇ ਵਿਚ ਗੰਨੇ ਦਾ ਵਿਕਾਸ ਅਤੇ ਵੱਧ ਰਿਕਵਰੀ ਪ੍ਰਾਪਤ ਹੋਣ ਨਾਲ ਮਿੱਲ ਤੇ ਇਲਾਕੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਨਕੋਦਰ ਸਹਿਕਾਰੀ ਖੰਡ ਮਿੱਲ ਇਲਾਕੇ ਦੇ ਨੌਜਵਾਨਾਂ, ਵਪਾਰੀਆਂ, ਟਰਾਂਸਪੋਰਟਰਾਂ ਅਤੇ ਖੇਤ ਮਜ਼ਦੂਰਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਭਰਪੂਰ ਯੋਗਦਾਨ ਪਾ ਰਹੀ ਹੈ। ਉਨ੍ਹਾਂ ਮਿੱਲ ਦੀ ਬਿਹਤਰੀ ਲਈ ਸਮੁੱਚੇ ਹਲਕੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਚੀਫ਼ ਇੰਜੀਨੀਅਰ ਹਰਮੀਤ ਸਿੰਘ, ਚੀਫ਼ ਅਕਾਊਂਟ ਅਫ਼ਸਰ ਗੁਰੂ ਦੱਤ ਸ਼ਰਮਾ, ਮਨਦੀਪ ਸਿੰਘ ਬਰਾੜ, ਸੀ.ਸੀ.ਡੀ.ਓ., ਸੁਪਰਡੈਂਟ ਦੇਸ ਰਾਜ, ਇੰਜੀਨੀਅਰ ਸਰਬਜੀਤ ਸਿੰਘ, ਪਵਨਦੀਪ ਸਿੰਘ, ਕੈਮਿਸਟ ਉਮਾ ਸ਼ਰਣ, ਸਰਵੇਸ਼ ਕੁਮਾਰ ਆਦਿ ਵੀ ਮੌਜੂਦ ਸਨ।