Wednesday, November 4, 2026
EducationJalandharPunjab

ਡੀ.ਏ.ਵੀ. ਕਾਲਜ ਨਕੋਦਰ ਵਿਖੇ 10ਵੀਂ ਤੇ 12ਵੀਂ ਜਮਾਤਾਂ ਦੇ ਟਾਪਰ ਵਿਦਿਆਰਥੀਆਂ ਲਈ ‘ਆਸ਼ੀਰਵਾਦ ਸਮਾਰੋਹ’

ਅਨਿਲ ਐਰੀ 

ਡੀ.ਏ.ਵੀ. ਕਾਲਜ ਨਕੋਦਰ ਵਿਖੇ 10ਵੀਂ ਤੇ 12ਵੀਂ ਜਮਾਤਾਂ ਦੇ ਟਾਪਰ ਵਿਦਿਆਰਥੀਆਂ ਲਈ ‘ਆਸ਼ੀਰਵਾਦ ਸਮਾਰੋਹ’
* ਐਲ.ਐਮ.ਸੀ. ਮੈਂਬਰ ਅਕਾਸ਼ ਭੱਲਾ ਤੇ ਵਿਪਨ ਗੁਪਤਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
* ਹਰੇਕ ਵਿਅਕਤੀ ਨੂੰ ਆਪਣੇ ਸੱਭਿਆਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ- ਪ੍ਰਿੰ. ਸਲਿਲ ਕੁਮਾਰ
* ਨਕੋਦਰ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ

ਨਕੋਦਰ 19 ਮਈ – ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਲੋਂ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਬੋਰਡਾਂ ਵਲੋਂ ਐਲਾਨੇ ਗਏ 10ਵੀਂ ਤੇ 12ਵੀਂ ਜਮਾਤਾਂ ਦੇ ਨਕੋਦਰ ਤੇ ਆਲੇ-ਦੁਆਲੇ ਦੇ ਇਲਾਕੇ ਦੇ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਲਈ ਸਲਾਨਾ ਸਮਾਗਮ ‘ਆਸ਼ੀਰਵਾਦ-2026′ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਐਲ.ਐਮ.ਸੀ. ਮੈਂਬਰ ਅਕਾਸ਼ ਭੱਲਾ (ਰਿਟਾ. ਪ੍ਰਿੰਸੀਪਲ) ਅਤੇ ਐਲ.ਐਮ.ਸੀ. ਮੈਂਬਰ ਵਿਪਨ ਗੁਪਤਾ (ਉੱਘੇ ਸਮਾਜ ਸੇਵਕ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐਲ.ਐਮ.ਸੀ. ਮੈਂਬਰ ਪ੍ਰਮੋਦ ਭਾਰਦਵਾਜ, ਰਿਟਾ. ਪ੍ਰਿੰਸੀਪਲ ਹਰਜੀਤ ਸਿੰਘ, ਮਾਸਟਰ ਭੁਪਿੰਦਰ ਅਜੀਤ ਸਿੰਘ, ਰਮਨਵੀਰ ਜੈਨ, ਸੁਚਿੰਦਰ ਰਿਹਾਨ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਪ੍ਰਿੰਸੀਪਲ (ਡਾ.) ਸਲਿਲ ਕੁਮਾਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਦੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਟਾਪਰ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਅਤੇ ਵਧਾਈਆਂ ਦਿੰਦਿਆਂ ਕਿਹਾ ਕਿ ਡੀ.ਏ.ਵੀ. ਕਾਲਜ ਸਮਾਜ ਸੇਵਾ ਲਈ ਹਮੇਸ਼ਾ ਯਤਨਸ਼ੀਲ ਹੈ। ਕਾਲਜ ਵਲੋਂ ਵਿਦਿਆਰਥੀਆਂ ਨੂੰ ਜਿੱਥੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਉਥੇ ਹੀ ਉਨ੍ਹਾਂ ਨੂੰ ਹੁਨਰਮੰਦ ਬਨਾਉਣ ਲਈ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਹੈ। ਹਰੇਕ ਵਿਅਕਤੀ ਨੂੰ ਆਪਣੇ ਸੱਭਿਆਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਮੁੱਖ ਮਹਿਮਾਨ ਅਕਾਸ਼ ਭੱਲਾ ਤੇ ਵਿਪਨ ਗੁਪਤਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਵਿਚ ਮਾਤਾ-ਪਿਤਾ ਅਤੇ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਸ ਲਈ ਹਮੇਸ਼ਾ ਉਨ੍ਹਾਂ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਐਲ.ਐਮ.ਸੀ. ਮੈਂਬਰ ਪ੍ਰਮੋਦ ਭਾਰਦਵਾਜ, ਰਿਟਾ. ਪ੍ਰਿੰਸੀਪਲ ਹਰਜੀਤ ਸਿੰਘ, ਮਾ. ਭੁਪਿੰਦਰ ਅਜੀਤ ਸਿੰਘ ਆਦਿ ਨੇ ਕਿਹਾ ਕਿ ਅੱਜ ਜੋ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਇਸ ਆਸ਼ੀਰਵਾਦ ਸਮਾਰੋਹ ਵਿਚ ਪਹੁੰਚੇ ਹਨ, ਉਨ੍ਹਾਂ ਦੇ ਮਾਤਾ-ਪਿਤਾ ਜਾਂ ਅਧਿਆਪਕ ਆਪਣੇ ਬੱਚਿਆਂ ਪ੍ਰਤੀ ਫਖਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਭਵਿੱਖ ਵਿਚ ਹੋਰ ਅੱਗੇ ਵਧਣ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਵਲੋਂ ਨਕੋਦਰ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ 200 ਦੇ ਕਰੀਬ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਿਪਨ ਗੁਪਤਾ ਨੇ ਦੱਸਵੀਂ ਜਮਾਤ ਦੀ ਨਕੋਦਰ ਤਹਿਸੀਲ ’ਚੋਂ ਟਾਪਰ ਅਰਚਨਾ ਨੂੰ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਪਹੁੰਚੇ, ਜਿੰਨ੍ਹਾਂ ਕਾਲਜ ਵਲੋਂ ਕੀਤੇ ਇਸ ਸਮਾਗਮ ਦੀ ਸ਼ਲਾਘਾ ਕੀਤੀ। ਸਫ਼ਲ ਵਿਦਿਆਰਥੀਆਂ ਨੇ ਵੀ ਵਿਚਾਰ ਪ੍ਰਗਟ ਕਰਦਿਆਂ ਆਪਣੀਆਂ ਪ੍ਰਾਪਤੀਆਂ ਸੰਬੰਧੀ ਕੁੱਝ ਗੁਰ ਸਾਂਝੇ ਕੀਤੇ। ਪ੍ਰੋ. ਸੀਮਾ ਕੌਸ਼ਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਉਂਦਿਆਂ ਅਖੀਰ ’ਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਮਾਧਵੀ ਸ਼ਰਮਾ, ਪ੍ਰੋ. ਸੁਪਰੀਆ, ਪ੍ਰੋ. ਪੰਕਜ ਵਰਮਾ, ਪ੍ਰੋ. (ਡਾ.) ਦੁਰਗੇਸ਼ ਨੰਦਨੀ, ਮੈਡਮ ਰੇਖਾ ਰਾਣੀ, ਮੁਕੇਸ਼ ਕੁਮਾਰ, ਪ੍ਰੋ. ਮੋਨਿਕਾ, ਪ੍ਰੋ. ਰਿੰਕੂ, ਪ੍ਰੋ. ਬਲਜੀਤ ਕੌਰ, ਪ੍ਰੋ. ਮੁਸਕਾਨ, ਪ੍ਰੋ. ਰਿਚਾ ਟੰਡਨ, ਪ੍ਰੋ. ਕੋਮਲਪ੍ਰੀਤ ਕੌਰ, ਪ੍ਰੋ. ਰੋਜੀ, ਪ੍ਰੋ. ਗੌਰਵ ਕੁਮਾਰ, ਪ੍ਰੋ. ਨਵਪ੍ਰੀਤ ਕੌਰ, ਪ੍ਰੋ. ਅਰਚਨਾ, ਪ੍ਰੋ. ਨੇਹਾ ਕੁਮਾਰੀ ਸਮੇਤ ਕਈ ਪਤਵੰਤੇ-ਸੱਜਣ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।