Wednesday, November 4, 2026
JalandharPunjab

*“ਜਲੰਧਰ ਦਿਹਾਤੀ ਪੁਲਿਸ ਦਾ ਸਖ਼ਤ ਐਕਸ਼ਨ — ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਕਾਸੋ ਆਪਰੇਸ਼ਨ”*

ਅਨਿਲ ਐਰੀ 

*“ਜਲੰਧਰ ਦਿਹਾਤੀ ਪੁਲਿਸ ਦਾ ਸਖ਼ਤ ਐਕਸ਼ਨ — ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਕਾਸੋ ਆਪਰੇਸ਼ਨ”*

*ਜਲੰਧਰ, 13 ਫਰਵਰੀ 

ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ, ਜਲੰਧਰ ਦਿਹਾਤੀ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਅਤੇ CASO ਆਪਰੇਸ਼ਨ ਅਮਲ ਵਿੱਚ ਲਿਆਂਦਾ ਗਿਆ। ਇਸ ਤਹਿਤ ਜਲੰਧਰ ਦਿਹਾਤੀ ਅਧੀਨ ਆਉਂਦੇ ਸਮੂਹ ਰੇਲਵੇ ਸਟੇਸ਼ਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇਹ ਕਾਰਵਾਈ ਸ. ਹਰਵਿੰਦਰ ਸਿੰਘ ਵਿਰਕ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਾ. ਮੁਕੇਸ਼ ਕੁਮਾਰ, ਪੁਲਿਸ ਕਪਤਾਨ (ਸਥਾਨਿਕ/ਤਫਤੀਸ਼) ਦੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ।

ਐਸਐਸਪੀ ਜਲੰਧਰ ਦਿਹਾਤੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 13 ਫ਼ਰਵਰੀ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕੋਰਡਨ ਐਂਡ ਸਰਚ ਓਪਰੇਸ਼ਨ ਚਲਾਇਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਜਨਤਕ ਥਾਵਾਂ ‘ਤੇ ਅਮਨ-ਕਾਨੂੰਨ ਬਣਾਈ ਰੱਖਣਾ ਅਤੇ ਕਿਸੇ ਵੀ ਸੰਭਾਵਿਤ ਅਪਰਾਧਿਕ ਗਤੀਵਿਧੀ ਨੂੰ ਪਹਿਲਾਂ ਹੀ ਰੋਕਣਾ ਸੀ।

ਓਪਰੇਸ਼ਨ ਦੀ ਦੇਖ-ਰੇਖ ਲਈ 05 ਗਜ਼ਟਿਡ ਅਧਿਕਾਰੀ ਤਾਇਨਾਤ ਕੀਤੇ ਗਏ। ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਕੁੱਲ 12 ਪੁਲਿਸ ਪਾਰਟੀਆਂ ਬਣਾਈਆਂ ਗਈਆਂ, ਹਰ ਪਾਰਟੀ ਵਿੱਚ 10-10 ਕਰਮਚਾਰੀ ਸ਼ਾਮਲ ਸਨ, ਤਾਂ ਜੋ 10 ਰੇਲਵੇ ਸਟੇਸ਼ਨਾਂ ‘ਤੇ ਪ੍ਰਭਾਵਸ਼ਾਲੀ ਅਤੇ ਸੁਚਾਰੂ ਚੈਕਿੰਗ ਕੀਤੀ ਜਾ ਸਕੇ।

ਦੌਰਾਨ ਓਪਰੇਸ਼ਨ 82 ਸ਼ੱਕੀ ਵਿਅਕਤੀਆਂ ਦੀ ਪੈਸ ਐਪ ਰਾਹੀਂ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਪਾਰਕਿੰਗ ਇਲਾਕਿਆਂ ਵਿੱਚ ਖੜ੍ਹੇ ਵਾਹਨਾਂ ਦੀ ਵੀ ਵਿਸਥਾਰ ਨਾਲ ਤਸਦੀਕ ਕੀਤੀ ਗਈ। 3 ਦਿਨ ਤੋਂ ਵੱਧ ਸਮੇਂ ਤੋਂ ਖੜ੍ਹੀਆਂ 12 ਮੋਟਰਸਾਈਕਲਾਂ/ਸਕੂਟਰਾਂ ਅਤੇ 94 ਹੋਰ ਵਾਹਨਾਂ ਦੀ ਵਾਹਨ ਐਪ ਰਾਹੀਂ ਜਾਂਚ ਕੀਤੀ ਗਈ। ਪੁਲਿਸ ਵੱਲੋਂ ਆਧੁਨਿਕ ਤਕਨਾਲੋਜੀ ਦੇ ਇਸਤੇਮਾਲ ਨਾਲ ਚੈਕਿੰਗ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ।

ਸਾਰਾ ਆਪਰੇਸ਼ਨ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਸੰਪੰਨ ਹੋਇਆ ਅਤੇ ਕਿਸੇ ਤਰ੍ਹਾਂ ਦੀ ਕੋਈ ਅਣਚਾਹੀ ਘਟਨਾ ਜਾਂ ਬਰਾਮਦਗੀ ਸਾਹਮਣੇ ਨਹੀਂ ਆਈ। ਇਸ ਦੌਰਾਨ ਆਮ ਜਨਤਾ ਵੱਲੋਂ ਵੀ ਪੂਰਾ ਸਹਿਯੋਗ ਪ੍ਰਾਪਤ ਹੋਇਆ।

ਐਸਐਸਪੀ ਜਲੰਧਰ ਦਿਹਾਤੀ ਵੱਲੋਂ ਅਪੀਲ ਕੀਤੀ ਗਈ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।

ਜਲੰਧਰ ਦਿਹਾਤੀ ਪੁਲਿਸ ਜਨਤਾ ਦੀ ਸੁਰੱਖਿਆ ਲਈ 24 ਘੰਟੇ ਮੁਸਤੈਦ ਹੈ ਅਤੇ ਇਸ ਤਰ੍ਹਾਂ ਦੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ।