ਮਜਦੂਰਾਂ ਕਿਸਾਨਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਾਇਆ ਨਕੋਦਰ ਦੀ ਵਿਧਾਇਕਾ ਦੇ ਦਫਤਰ ਅੱਗੇ ਧਰਨਾਂ।
ਮਜਦੂਰਾਂ ਕਿਸਾਨਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਾਇਆ ਨਕੋਦਰ ਦੀ ਵਿਧਾਇਕਾ ਦੇ ਦਫਤਰ ਅੱਗੇ ਧਰਨਾਂ।
ਸ਼ਾਹਕੋਟ / ਨਕੋਦਰ 10 ਅਕਤੂਬਰ ( ਰਣਜੀਤ ਬਹਾਦੁਰ ):- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਪੰਜਾਬ ਪੱਧਰ ਤੇ ਸੱਦੇ ਤਹਿਤ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਨਕੋਦਰ ਸਥਿਤ ਦਫਤਰ ਅੱਗੇ ਧਰਨਾ ਲਾਕੇ ਮੰਗ ਕੀਤੀ ਕਿ ਪੰਜਾਬ ‘ਚੋਂ ਨਸ਼ਿਆਂ ਦਾ ਤੁਰੰਤ ਖਾਤਮਾ ਕੀਤਾ ਜਾਵੇ। ਜਿਕਰਯੋਗ ਹੈ ਕਿ ਉਕਤ ਜਥੇਬੰਦੀਆਂ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਅੰਦੋਲਨ ਛੇੜਿਆ ਹੋਇਆ ਹੈ ਜਿਸ ਤਹਿਤ ਅੱਜ ਸੂਬੇ ਭਰ ‘ਚ ਆਪ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਏ ਗਏ ਹਨ। ਮਜਦੂਰ ਅਤੇ ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ,ਪੰਜਾਬ ‘ਚੋਂ ਨਸ਼ੇ ਖਤਮ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਗਈ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਕਾਰਨ ਜਵਾਨੀ ਦਾ ਘਾਣ ਹੋ ਰਿਹਾ ਹੈ ਪਰ ਸਰਕਾਰ ਸਿਰਫ਼ ਫੋਕੇ ਬਿਆਨ ਹੀ ਦਾਗ ਰਹੀ ਹੈ।ਇਸ ਮੌਕੇ ਬੋਲਦੇ ਹੋਏ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਅਤੇ ਮਜਦੂਰ ਆਗੂ ਹਰਮੇਸ਼ ਮਾਲੜੀ ਨੇ ਕਿਹਾ ਕਿ ਇਹ ਜੱਗ ਜ਼ਾਹਰਾ ਹਕੀਕਤ ਹੈ ਕਿ ਸਿਆਸੀ ਪੁਸ਼ਤਪਨਾਹੀ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੀ ਨਸ਼ਿਆਂ ਦੇ ਸੌਦਾਗਰ ਨੌਜਵਾਨਾਂ ਨੂੰ “ਮੌਤ” ਵੰਡ ਰਹੇ ਹਨ।ਪਰ ਮੌਜੂਦਾ ਸਰਕਾਰ ਪਹਿਲੀਆਂ ਸਰਕਾਰ ਵਾਂਗ ਸਿਰਫ਼ ਫੌਕੇ ਬਿਆਨ ਹੀ ਦਾਗ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਜੇਲੀਂ ਡੱਕਿਆ ਜਾਵੇ ਅਤੇ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦਾ ਇਲਾਜ ਸਰਕਾਰ ਕਰਵਾਏ ।ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਨਿਉਜ਼ਕਲਿੰਕ ਦੇ ਪੱਤਰਕਾਰਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਹਰ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਜੋ ਕਾਰਪੋਰੇਟ ਪੱਖੀ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਕਰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮਨਜੀਤ ਸਿੰਘ, ਹਰਨੇਕ ਸਿੰਘ,ਬਲਕਾਰ ਸਿੰਘ ਫਾਜਲਵਾਲ ,ਔਰਤ ਆਗੂ ਬਰਿੰਦਰ ਬੱਬਲੀ, ਮਜਦੂਰ ਆਗੂ ਹਰਪਾਲ ਬਿੱਟੂ ਅਤੇ ਸੁਖਜਿੰਦਰ ਲਾਲੀ ਨੇ ਵੀ ਸੰਬੋਧਨ ਕੀਤਾ।