Thursday, November 5, 2026
CrimeLocalPunjab

ਮੇਨ ਬਜਾਰ ਸ਼ਾਹਕੋਟ ਵਿੱਚ ਲੜਕੀ ਕੋਲੋਂ ਫੋਨ ਖੋਹਕੇ ਭੱਜਦੇ ਲੁਟੇਰੇ ਨੂੰ ਦੁਕਾਨਦਾਰਾਂ ਕਾਬੂ ਕਰ ਕੀਤਾ ਪੁਲਿਸ ਹਵਾਲੇ।

ਮੇਨ ਬਜਾਰ ਸ਼ਾਹਕੋਟ ਵਿੱਚ ਲੜਕੀ ਕੋਲੋਂ ਫੋਨ ਖੋਹਕੇ ਭੱਜਦੇ ਲੁਟੇਰੇ ਨੂੰ ਦੁਕਾਨਦਾਰਾਂ ਕਾਬੂ ਕਰ ਕੀਤਾ ਪੁਲਿਸ ਹਵਾਲੇ।

ਸ਼ਾਹਕੋਟ/ਮਲਸੀਆਂ, 10 ਅਕਤੂਬਰ ( ਰਣਜੀਤ ਬਹਾਦੁਰ ):-

ਸ਼ਾਹਕੋਟ ਦੇ ਮੇਨ ਬਜ਼ਾਰ ‘ਚ ਦਿਨ-ਦਿਹਾੜੇ ਇੱਕ ਲੁਟੇਰੇ ਵੱਲੋਂ ਲੜਕੀ ਪਾਸੋਂ ਮੋਬਾਇਲ ਫੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵਕ ਪ੍ਰਦੀਪ ਕੁਮਾਰ ਡੱਬ ਅਤੇ ਪੰਮਾਂ ਚੁੰਨੀਆਂ ਵਾਲਾ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਬਾਅਦ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਉਸਨੇ ਦੇਖਿਆ ਕਿ 2 ਲੜਕੀਆਂ ਪੈਦਲ ਬਜ਼ਾਰ ‘ਚ ਕਿਸੇ ਕੰਮ ਲਈ ਆਈਆ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਲੜਕੀ ਰੇਨੂਕਾ ਪੁੱਤਰੀ ਰਕੇਸ਼ ਵਾਸੀ ਮੁਹੱਲਾ ਧੂੜਕੋਟ ਸ਼ਾਹਕੋਟ ਆਪਣੇ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਇਸੇ ਦੌਰਾਨ ਉਨ੍ਹਾਂ ਦਾ ਪੈਦਲ ਪਿੱਛਾ ਕਰ ਰਹੇ ਇੱਕ ਲੁਟੇਰੇ ਨੇ ਲੜਕੀ ਦਾ ਫੋਨ ਝਪਟ ਲਿਆ ਅਤੇ ਭੱਜਣ ਲੱਗਾ, ਰੌਲਾ ਪਾਉਣ ਤੇ ਦੁਕਾਨਦਾਰਾਂ ਨੇ ਪਿੱਛਾ ਕਰ ਲੁਟੇਰੇ ਨੂੰ ਕਾਬੂ ਕਰ ਲਿਆ। ਵਰਨਣਯੋਗ ਹੈ ਕਿ ਇਹ ਵਾਰਦਾਤ ਪੁਲਿਸ ਸਟੇਸ਼ਨ ਤੋਂ ਕਰੀਬ 150 ਮੀਟਰ ਦੂਰੀ ਤੇ ਵਾਪਰੀ ਅਤੇ ਇਸ ਸਬੰਧੀ ਤੁਰੰਤ ਸ਼ਾਹਕੋਟ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ, ਪਰ ਹੈਰਾਨੀਜਨਕ ਗੱਲ ਇਹ ਰਹੀ ਕਿ ਫੋਨ ਕਰਨ ਦੇ ਬਾਵਜੂਦ ਪੁਲਿਸ ਮੁਲਾਜ਼ਮ ਕਰੀਬ ਅੱਧਾ ਘੰਟਾ ਬਾਅਦ ਵਿੱਚ ਆਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਲੁਟੇਰਾ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਟੁੱਟ ਸ਼ੇਰ ਸਿੰਘ ਦਾ ਹੈ। ਇਸ ਲੁਟੇਰੇ ਨੂੰ ਅਕਸਰ ਗਲੀ ਮੁਹੱਲਿਆਂ ਵਿੱਚ ਘੁੰਮਦਾ ਵੇਖਿਆ ਗਿਆ ਹੈ। ਜਿਸ ਨੂੰ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਸਵਿੰਦਰ ਸਿੰਘ ਡੀ.ਐਸ.ਪੀ. ਅੰਡਰ ਟ੍ਰੇਨਿੰਗ ਕਮ-ਐਸ.ਐਚ.ਓ. ਸ਼ਾਹਕੋਟ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਪਾਸ ਕੋਈ ਸਿ਼ਕਾਇਤ ਨਹੀਂ ਆਈ ਅਤੇ ਲੁਟੇਰਾ ਉਨ੍ਹਾਂ ਪਾਸ ਹੈ ਅਤੇ ਸਿ਼ਕਾਇਤ ਕਰਤਾ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।