ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ 90 ਦਿਨਾਂ ਬਾਅਦ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ, 20 ਦਿਨਾਂ ‘ਚ ਬਣ ਕੇ ਹੋਵੇਗੀ ਤਿਆਰ: ਪ੍ਰਧਾਨ ਪ੍ਰਦੀਪ ਸ਼ੇਰਪੁਰ ਹੌਦੀਆਂ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਤੋਂ ਬਾਅਦ ਟਾਈਲਿੰਗ ਦਾ ਕੰਮ ਸ਼ੁਰੂ; ਸ਼ੋਭਾ ਯਾਤਰਾ ਦੇ ਮੱਦੇਨਜ਼ਰ ਮੁਹੱਲਾ ਗੁਰੂ ਨਾਨਕਪੁਰਾ ਦੀ ਸੜਕ ਦਾ ਕੰਮ ਵੀ ਆਰੰਭ;
ਅਨਿਲ ਐਰੀ
ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ 90 ਦਿਨਾਂ ਬਾਅਦ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ, 20 ਦਿਨਾਂ ‘ਚ ਬਣ ਕੇ ਹੋਵੇਗੀ ਤਿਆਰ: ਪ੍ਰਧਾਨ ਪ੍ਰਦੀਪ ਸ਼ੇਰਪੁਰ
ਹੌਦੀਆਂ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਤੋਂ ਬਾਅਦ ਟਾਈਲਿੰਗ ਦਾ ਕੰਮ ਸ਼ੁਰੂ; ਸ਼ੋਭਾ ਯਾਤਰਾ ਦੇ ਮੱਦੇਨਜ਼ਰ ਮੁਹੱਲਾ ਗੁਰੂ ਨਾਨਕਪੁਰਾ ਦੀ ਸੜਕ ਦਾ ਕੰਮ ਵੀ ਆਰੰਭ;
ਨਕੋਦਰ 21 ਅਕਤੂਬਰ : ਸ਼ਹਿਰ ਦੀ ਲਾਈਫਲਾਈਨ ਮੰਨੇ ਜਾਂਦੇ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਮਾਰਗ ‘ਤੇ ਪਿਛਲੇ 90 ਦਿਨਾਂ ਤੋਂ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮ ਤੋਂ ਬਾਅਦ ਅੱਜ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਵਿਧੀਵਤ ਢੰਗ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ ਨੇ ਸਾਥੀ ਕੌਂਸਲਰਾਂ ਸਮੇਤ ਮੌਕੇ ‘ਤੇ ਪਹੁੰਚ ਕੇ ਕੰਮ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਅਗਲੇ 20 ਦਿਨਾਂ ਦੇ ਅੰਦਰ ਇਹ ਆਧੁਨਿਕ ਸੜਕ ਬਣ ਕੇ ਮੁਕੰਮਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਮੀਨ ਹੇਠਾਂ ਸੀਵਰੇਜ, ਪੀਣ ਵਾਲੇ ਪਾਣੀ ਦੀ ਨਵੀਂ ਪਾਈਪਲਾਈਨ, ਪੱਕੀਆਂ ਹੌਦੀਆਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰੋਡ-ਗਲੀਆਂ ਬਣਾਉਣ ਵਿੱਚ ਸਮਾਂ ਜ਼ਰੂਰ ਲੱਗਾ ਹੈ, ਪਰ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਯਤਨਾਂ ਸਦਕਾ ਹੁਣ ਸ਼ਹਿਰ ਵਾਸੀਆਂ ਨੂੰ ਇੱਕ ਮਜ਼ਬੂਤ ਤੇ ਹੰਢਣਸਾਰ ਸੜਕ ਮਿਲਣ ਜਾ ਰਹੀ ਹੈ। ਇਸ ਦੇ ਨਾਲ ਹੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਮੁਹੱਲਾ ਗੁਰੂ ਨਾਨਕਪੁਰਾ ਦੀ ਖਸਤਾਹਾਲ ਸੜਕ ਦਾ ਨਿਰਮਾਣ ਕਾਰਜ ਵੀ ਅੱਜ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਦਾ ਇਹ ਮਾਰਗ ਸ਼ਹਿਰ ਦਾ ਬਹੁਤ ਹੀ ਰੁਝੇਵਿਆਂ ਭਰਿਆ ਅੰਦਰੂਨੀ ਸੰਪਰਕ ਮਾਰਗ ਹੈ, ਜੋ ਬਾਹਰ ਬਾਈਪਾਸ, ਮਹਿਤਪੁਰ ਅਤੇ ਜਗਰਾਓਂ ਰੋਡ ਨੂੰ ਜੋੜਦਾ ਹੈ। ਇਸੇ ਰਸਤੇ ‘ਤੇ ਮੁੱਖ ਸਬਜ਼ੀ ਮੰਡੀ, ਇਤਿਹਾਸਕ ਮੰਦਰ ਤੇ ਸਕੂਲ ਸਥਿਤ ਹਨ ਅਤੇ ਅੰਦਰੂਨੀ ਬਾਜ਼ਾਰ ਜਾਣ ਲਈ ਇਹ ਸਭ ਤੋਂ ਸੁਗਮ ਸ਼ਾਰਟਕੱਟ ਰਸਤਾ ਹੈ। 18-20 ਜੁਲਾਈ ਤੋਂ ਸ਼ੁਰੂ ਹੋਏ ਇਸ ਕਾਰਜ ਕਾਰਨ ਲਗਭਗ ਤਿੰਨ ਮਹੀਨੇ ਰਸਤਾ ਬੰਦ ਰਹਿਣ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਅਤੇ ਉਨ੍ਹਾਂ ਨੂੰ ਭਾਰੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ। ਆਖ਼ਰਕਾਰ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋਣ ‘ਤੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ
ਪ੍ਰਧਾਨ ਸ਼ੇਰਪੁਰ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੇ ਰੂਟ ਨੂੰ ਧਿਆਨ ਵਿੱਚ ਰੱਖਦਿਆਂ ਦਿਨ-ਰਾਤ ਕੰਮ ਚਲਾ ਕੇ ਰਸਤੇ ਨੂੰ ਪੱਧਰਾ ਤੇ ਸਾਫ਼ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਸ਼ੋਭਾ ਯਾਤਰਾ ਵਾਲੇ ਦਿਨ ਹੀ ਕੰਮ ਬੰਦ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਮਾਣ ਕਾਰਜ ਦੇ ਚੱਲਦਿਆਂ ਅਗਲੇ 20 ਦਿਨਾਂ ਤੱਕ ਇਹ ਮਾਰਗ ਹਰ ਤਰ੍ਹਾਂ ਦੇ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਰਹੇਗਾ, ਸਿਰਫ਼ ਪੈਦਲ ਆਉਣ-ਜਾਣ ਦੀ ਖੁੱਲ੍ਹ ਹੋਵੇਗੀ; ਇਸ ਲਈ ਵਾਹਨ ਚਾਲਕ ਬਾਈਪਾਸ ਦੀ ਵਰਤੋਂ ਕਰਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਇਸ ਮੌਕੇ ਕੌਂਸਲਰ ਰਮੇਸ਼ ਸੋਂਧੀ, ਵਿਜੇ ਮੜਾਸ ਉਪ ਪ੍ਰਧਾਨ, ਸੰਨੀ ਪੁਰੀ, ਈਸ਼ਵਰ ਕਪਾਨੀਆ ਸਮੇਤ ਹੋਰ ਕੌਂਸਲਰ, ਇਲਾਕੇ ਦੇ ਦੁਕਾਨਦਾਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।
