ਡੀ.ਏ.ਵੀ. ਕਾਲਜ ਨਕੋਦਰ ਵਿਖੇ ਖੂਨਦਾਨ ਕੈਂਪ ਲਗਾਇਆ * ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ- ਪ੍ਰਿੰ. ਸਲਿਲ ਕੁਮਾਰ * ਖੂਨਦਾਨ ਕਰਨ ਵਾਲੇ ਵਿਅਕਤੀਆਂ ਦਾ ਸਰਟੀਫਿਕੇਟ ਭੇਟ ਕਰਕੇ ਸਨਮਾਨ
ਅਨਿਲ ਐਰੀ
ਡੀ.ਏ.ਵੀ. ਕਾਲਜ ਨਕੋਦਰ ਵਿਖੇ ਖੂਨਦਾਨ ਕੈਂਪ ਲਗਾਇਆ
* ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ- ਪ੍ਰਿੰ. ਸਲਿਲ ਕੁਮਾਰ
* ਖੂਨਦਾਨ ਕਰਨ ਵਾਲੇ ਵਿਅਕਤੀਆਂ ਦਾ ਸਰਟੀਫਿਕੇਟ ਭੇਟ ਕਰਕੇ ਸਨਮਾਨ

ਨਕੋਦਰ 29 ਅਪ੍ਰੈਲ – ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਐਨ.ਐਸ.ਐਸ., ਐਨ.ਸੀ.ਸੀ. ਅਤੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਛਾਬੜਾ ਹਸਪਤਾਲ ਅਤੇ ਬਲੱਡ ਸੈਂਟਰ ਨਕੋਦਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਜੋ ਅਨੇਕਾਂ ਜਾਨਾਂ ਬਚਾਉਣ ਵਿੱਚ ਸਹਾਇਕ ਹੋ ਸਕਦੀ ਹੈ। ਇਸ ਮੌਕੇ ਛਾਬੜਾ ਹਸਪਤਾਲ ਤੋਂ ਡਾ. ਜਸਪ੍ਰੀਤ ਸਿੰਘ ਛਾਬੜਾ, ਡਾ. ਅਮਰਵੀਰ ਸਿੰਘ, ਸੇਵਾ-ਮੁਕਤ ਬੈਂਕ ਮੈਨੇਜਰ ਰਾਕੇਸ਼ ਕੁਮਾਰ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਕੈਂਪ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤਾ। ਕੈਂਪ ਦੌਰਾਨ ਵਿਦਿਆਰਥੀਆਂ, ਸਟਾਫ਼ ਅਤੇ ਬਾਹਰੀ ਲੋਕਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਕੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਭੇਟ ਕੀਤੇ ਗਏ। ਐਨ.ਸੀ.ਸੀ. ਇੰਚਾਰਜ ਪ੍ਰੋ. (ਲੈਫਟੀਨੈਂਟ) ਕਰਮਜੀਤ ਸਿੰਘ (21 ਪੰਜਾਬ ਬਟਾਲੀਅਨ ਕਪੂਰਥਲਾ) ਤੇ ਪ੍ਰੋ. (ਡਾ.) ਨੇਹਾ ਵਰਮਾ (2 ਪੰਜਾਬ ਗਰਲਜ਼ ਬਟਾਲੀਅਨ ਜਲੰਧਰ) ਨੇ ਕੈਡਿਟਸ ਨੂੰ ਅਜਿਹੀਆਂ ਸਮਾਜ-ਸੇਵੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਸਾਹਿਲ ਅਰੋੜਾ ਤੇ ਡਾ. ਦੁਰਗੇਸ਼ ਨੰਦਨੀ ਨੇ ਖੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਨਿਸ਼ਕਾਮ ਸੇਵਾ-ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕੈਂਪ ਮਨੁੱਖਤਾ ਦੀ ਭਲਾਈ ਲਈ ਇੱਕ ਅਹਿਮ ਉਪਰਾਲਾ ਹੈ। ਇਸ ਮੌਕੇ ਕਾਲਜ ਵੱਲੋਂ ਡਾ. ਜਸਪ੍ਰੀਤ ਸਿੰਘ ਛਾਬੜਾ ਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਮਾਧਵੀ ਸ਼ਰਮਾ, ਪ੍ਰੋ. ਸਮੀਰ ਸਭਰਵਾਲ, ਪ੍ਰੋਗਰਾਮ ਅਫ਼ਸਰ ਪ੍ਰੋ. ਮੋਨਿਕਾ, ਪ੍ਰੋ. ਰਿਚਾ ਟੰਡਨ ਆਦਿ ਨੇ ਕੈਂਪ ਦੇ ਪ੍ਰਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
