Thursday, June 19, 2025
LocalPunjab

ਤਰਕਸ਼ੀਲ ਸੁਸਾਇਟੀ ਵੱਲੋਂ 24 ਦਸੰਬਰ ਨੂੰ ਸ਼ਾਹਕੋਟ ਵਿੱਚ ਕਰਵਾਇਆ ਜਾਵੇਗਾ ਨਾਟਕ ਮੇਲਾ ਡਾ. ਸਾਹਿਬ ਸਿੰਘ ਦੀ ਟੀਮ ਵੱਲੋਂ ਪੇਸ਼ ਕੀਤਾ ਜਾਵੇਗਾ ਨਾਟਕ ” ਸੰਦੂਕੜੀ ਖੋਲ੍ਹ ਨਰੈਣਿਆਂ”

 

ਤਰਕਸ਼ੀਲ ਸੁਸਾਇਟੀ ਵੱਲੋਂ 24 ਦਸੰਬਰ ਨੂੰ ਸ਼ਾਹਕੋਟ ਵਿੱਚ ਕਰਵਾਇਆ ਜਾਵੇਗਾ ਨਾਟਕ ਮੇਲਾ
ਡਾ. ਸਾਹਿਬ ਸਿੰਘ ਦੀ ਟੀਮ ਵੱਲੋਂ ਪੇਸ਼ ਕੀਤਾ ਜਾਵੇਗਾ ਨਾਟਕ ” ਸੰਦੂਕੜੀ ਖੋਲ੍ਹ ਨਰੈਣਿਆਂ”

ਸ਼ਾਹਕੋਟ / ਮਲਸੀਆਂ, 5 ਦਸੰਬਰ ( ਰਣਜੀਤ ਬਹਾਦੁਰ ):- ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਸ਼ਾਹਕੋਟ ਇਕਾਈ ਦੀ ਮੀਟਿੰਗ ਸੁਸਾਇਟੀ ਦੇ ਦਫ਼ਤਰ ‘ਅੱਪੂ ਆਰਟ ਪ੍ਰੈੱਸ’ ਸ਼ਾਹਕੋਟ ਵਿਖੇ ਇਕਾਈ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਪਿਛਲੇ ਦਿਨੀਂ ਲਈ ਗਈ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਦੇ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਸਰਟੀਫਿਕੇਟ ਸਕੂਲਾਂ ਵਿੱਚ ਜਾ ਕੇ ਵੰਡਣ ਸਬੰਧੀ ਚਰਚਾ ਕੀਤੀ ਗਈ। ਇਸੇ ਦੌਰਾਨ ਆਉਂਦੇ ਦਿਨਾਂ ਵਿੱਚ ਸ਼ਾਹਕੋਟ ਖੇਤਰ ਵਿੱਚ ਆ ਰਹੀ ਤਰਕਸ਼ੀਲ ਸਾਹਿਤ ਦੀ ਵੈਨ ਨੂੰ ਵੱਖ ਵੱਖ ਸਕੂਲਾਂ ਵਿੱਚ ਲਿਜਾਣ ਅਤੇ ਹੋਰਨਾਂ ਥਾਵਾਂ ‘ਤੇ ਪ੍ਰਦਰਸ਼ਨੀ ਲਗਾਉਣ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਸੁਸਾਇਟੀ ਦੀ ਸ਼ਾਹਕੋਟ ਇਕਾਈ ਵੱਲੋਂ ਸ਼ਾਹਕੋਟ ਵਿਖੇ 24 ਦਸੰਬਰ ਦਿਨ ਐਤਵਾਰ ਨੂੰ ਨਾਟਕ ਮੇਲਾ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਹ ਨਾਟਕ ਮੇਲਾ ਟੈਲੀਫੋਨ ਐਕਸਚੇਂਜ ਦੇ ਕੋਲ ਪੁਰਾਣੀ ਤਹਿਸੀਲ ਕੰਪਲੈਕਸ ਵਾਲੀ ਥਾਂ ‘ਤੇ ਕਰਵਾਇਆ ਜਾਵੇਗਾ। ਇਸ ਮੇਲੇ ਵਿੱਚ ਸੁਸਾਇਟੀ ਦੇ ਸੂਬਾ ਪੱਧਰੀ ਆਗੂ ਵੀ ਸ਼ਿਰਕਤ ਕਰਨਗੇ। ਉਨ੍ਹਾਂ ਦੇ ਸੰਬੋਧਨ ਤੋਂ ਬਿਨਾਂ ਜਾਦੂ ਦੇ ਟਰਿੱਕ ਦਿਖਾਏ ਜਾਣਗੇ ਅਤੇ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਦੀ ਟੀਮ ਵੱਲੋਂ ‘ਸੰਦੂਕੜੀ ਖੋਲ੍ਹ ਨਰੈਣਿਆਂ’ ਨਾਟਕ ਪੇਸ਼ ਕੀਤਾ ਜਾਵੇਗਾ। ਇਸ ਮੇਲੇ ਦੀ ਤਿਆਰੀ ਅਤੇ ਹੋਰ ਰੂਪ ਰੇਖਾ ਉਲੀਕਣ ਲਈ ਵਿਚਾਰਾਂ ਕੀਤੀਆਂ ਗਈਆਂ। ਇਸੇ ਦੌਰਾਨ ਤਰਕਸ਼ੀਲ ਸੁਸਾਇਟੀ ਦੇ ਮੈਗਜ਼ੀਨ “ਤਰਕਸ਼ੀਲ” ਦਾ ਪਾਠਕ ਘੇਰਾ ਵਧਾਉਣ ਸਬੰਧੀ ਵੀ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਇਕਾਈ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਜਿੰਦਰ ਬਾਗਪੁਰ, ਬਿੱਟੂ ਰੂਪੇਵਾਲੀ, ਦੇਸ ਰਾਜ ਜਾਫ਼ਰਵਾਲ, ਡਾ. ਨਗਿੰਦਰ ਸਿੰਘ ਬਾਂਸਲ, ਗਿਆਨ ਸੈਦਪੁਰੀ, ਦਲਬਾਰਾ ਸਿੰਘ, ਪ੍ਰਿਤਪਾਲ ਸਿੰਘ ਬਾਗਪੁਰ, ਡਾ. ਰੇਸ਼ਮ ਸਿੰਘ, ਗੁਰਦੇਵ ਸਿੰਘ ਨਵਾਂ ਕਿਲਾ ਆਦਿ ਹਾਜ਼ਰ ਸਨ ।

ਕੈਪਸ਼ਨ: ਤਰਕਸ਼ੀਲ ਸੁਸਾਇਟੀ ਦੀ ਸ਼ਾਹਕੋਟ ਇਕਾਈ ਦੀ ਮੀਟਿੰਗ ਦੌਰਾਨ ਹਾਜ਼ਰ ਇਕਾਈ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਅਤੇ ਹੋਰ ਮੈਂਬਰ।