ਸੰਗਰੂਰ ਰੈਲੀ ਦੀਆਂ ਤਿਆਰੀਆਂ ਮੁਕੰਮਲ,ਜ਼ਿਲ੍ਹੇ ਦੇ ਸੈਂਕਡ਼ੇ ਅਧਿਆਪਕ ਕਰਨਗੇ ਸ਼ਿਰਕਤ-ਡੀ.ਟੀ.ਐਫ
ਸੰਗਰੂਰ ਰੈਲੀ ਦੀਆਂ ਤਿਆਰੀਆਂ ਮੁਕੰਮਲ,ਜ਼ਿਲ੍ਹੇ ਦੇ ਸੈਂਕਡ਼ੇ ਅਧਿਆਪਕ ਕਰਨਗੇ ਸ਼ਿਰਕਤ-ਡੀ.ਟੀ.ਐਫ
ਸ਼ਾਹਕੋਟ,25 ਨਵੰਬਰ ( ਰਣਜੀਤ ਬਹਾਦੁਰ ):-
ਸੰਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੈਲੀ ਦੀਆਂ ਡੈਮੋਕ੍ਰੇਟਿਕ ਟੀਚਰ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਕਤ ਪ੍ਰਗਟਾਵਾ ਡੀ.ਟੀ.ਐਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ,ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੁਰੀਦਵਾਲ ਅਤੇ ਜਥੇਬੰਦਕ ਸਕੱਤਰ ਸੁਖਵਿੰਦਰਪ੍ਰੀਤ ਸਿੰਘ ਨੇ ਬਲਾਕ ਸ਼ਾਹਕੋਟ ਦੇ ਅਨੇਕਾਂ ਸਕੂਲਾਂ ਵਿਚ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਅੱਜ ਰੈਲੀ ਲਈ ਕੀਤੀ ਗਈ ਲਾਮਬੰਦੀ ਦੌਰਾਨ ਉਨ੍ਹਾਂ ਨੂੰ ਅਧਿਆਪਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸੂਬਾ ਸਰਕਾਰ ਅਧਿਆਪਕਾਂ ਕੋਲੋ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਤੋਂ ਛੁਟਕਾਰਾਂ ਦਿਵਾਉਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਲਈ ਸੁਹਿਰਦ ਨਹੀ ਹੈ। ਅਧਿਆਪਕ ਵਰਗ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾ ਕੇ ਗਰੀਬ ਬੱਚਿਆਂ ਦੀ ਪਡ਼੍ਹਾਈ ਦਾ ਨੁਕਸਾਨ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਵਿਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਾਲ ਏਕੇ ਤੇ ਸੰਘਰਸ਼ਾਂ ਨਾਲ ਹੀ ਹੱਕ ਹਾਸਿਲ ਕੀਤੇ ਜਾ ਸਕਦੇ ਹਨ। ਉਨ੍ਹਾਂ ਅਧਿਆਪਕ ਵਰਗ ਨੂੰ ਸੰਗਰੂਰ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ।