Wednesday, November 4, 2026
LocalPunjab

ਗੁਰੂ ਨਾਨਕ ਪਵਿੱਤਰ ਯਾਦਗਾਰੀ ਜੰਗਲ ਪਿੰਡ ਜਮਸ਼ੇਰ ਵਿਖੇ ਵਾਤਾਵਰਣ ਮਿੱਤਰਤਾ ਸੋਸਾਇਟੀ ਲੋਹੀਆਂ ਵੱਲੋਂ ਲਗਭਗ 5 ਕਨਾਲ਼ ਪੰਚਾਇਤੀ ਜ਼ਮੀਨ ਵਿਚ ਲਗਾਇਆ ਗਿਆ।

ਗੁਰੂ ਨਾਨਕ ਪਵਿੱਤਰ ਯਾਦਗਾਰੀ ਜੰਗਲ ਪਿੰਡ ਜਮਸ਼ੇਰ ਵਿਖੇ ਵਾਤਾਵਰਣ ਮਿੱਤਰਤਾ ਸੋਸਾਇਟੀ ਲੋਹੀਆਂ ਵੱਲੋਂ ਲਗਭਗ 5 ਕਨਾਲ਼ ਪੰਚਾਇਤੀ ਜ਼ਮੀਨ ਵਿਚ ਲਗਾਇਆ ਗਿਆ।  

ਸ਼ਾਹਕੋਟ 25 ਅਕਤੂਬਰ ( ਰਣਜੀਤ ਬਹਾਦੁਰ ):- ਵਾਤਾਵਰਣ ਮਿੱਤਰਤਾ ਸੋਸਾਇਟੀ ਲੋਹੀਆਂ ਵੱਲੋਂ ਪਿਛਲੇ ਦਿਨੀ ਇਸ ਸੀਜ਼ਨ ਦਾ ਦੂਸਰਾ ਅਤੇ ਕੁੱਲ ਛੇਵਾਂ ਤੇ ਸਭ ਤੋਂ ਵੱਡ੍ਹਾ ਗੁਰੂ ਨਾਨਕ ਪਵਿੱਤਰ ਯਾਦਗਾਰੀ ਜੰਗਲ ਪਿੰਡ ਜਮਸ਼ੇਰ ਵਿਖੇ ਲਗਭਗ 5 ਕਨਾਲ਼ ਪੰਚਾਇਤੀ ਜ਼ਮੀਨ ਵਿਚ ਲਗਾਇਆ ਗਿਆ।

ਇਸ ਜੰਗਲ ਵਿੱਚ ਕੋਈ 50 ਕੁ ਕਿਸਮਾਂ ਦੇ 1100 ਤੋਂ ਉੱਪਰ ਪੰਜਾਬ ਦੇ ਵੱਖ ਵੱਖ ਰਵਾਇਤੀ ,ਦੇਸੀ ਅਤੇ ਰੋਗਨਾਸ਼ਕ ਗੁਣਾਂ ਨਾਲ ਭਰਪੂਰ ਬੂਟੇ ਲਗਾਏ ਗਏ ਹਨ । ਇਹਨਾਂ ਬੂਟਿਆਂ ਵਿਚ ਟਾਹਲੀ , ਬਹੇੜਾ , ਕਚਨਾਰ, ਕੜ੍ਹੀ ਪੱਤਾ , ਢੱਕ , ਅਮਲਤਾਸ,  ਗੁੱਲ੍ਹੜ, ਅਰਜਨ , ਧਰੇਕ, ਬਕੈਣ , ਕਣਕ ਚੰਪਾ , ਚਾਂਦਨੀ , ਰਾਤ ਦੀ ਰਾਣੀ, ਜਟਰੋਫਾ , ਕਨੇਰ , ਢੇਊ, ਅਨਾਰ , ਬਿੱਲ ਪੱਤਰ, ਦੇਸੀ ਬੇਰੀ , ਇਮਲੀ , ਤੁਣ, ਸਾਗਵਾਨ, ਪੁਤਰਨਜੀਵਾ ,  ਕਟਹਲ , ਅੰਜੀਰ, ਹਾਰ ਸ਼ਿੰਗਾਰ, ਹਬਿਸਕੱਸ ,ਮਰੂਆ , ਸੁਹੰਝ੍ਹਣਾ , ਪਿੱਪਲ , ਖੈਰ, ਬੋਹੜ , ਦੇਸੀ ਕਿੱਕਰ , ਫਲਾਹੀ , ਜੰਡ , ਕਰੀਰ , ਬੇਰੀ , ਮਹਿੰਦੀ , ਲਸੂੜਾ , ਨਿੰਮ ,  ਬਾਂਸ , ਕਲੀਆਂ, ਸ਼ਹਿਤੂਤ, ਸੁਖਚੈਨ, ਅੰਬ , ਅਮਰੂਦ , ਜਾਮਣ , ਹਰੜ, ਪਿਲਖਣ ਆਦਿ ਸ਼ਾਮਲ ਹਨ । ਇਹਨਾਂ ਵਿਚੋਂ ਬਹੁਤੇ ਰੁੱਖ ਤਾਂ ਪੰਜਾਬ ਦੀ ਧਰਤੀ ਤੋਂ ਤੇਜ਼ੀ ਨਾਲ ਅਲੋਪ ਹੁੰਦੇ ਜਾ ਰਹੇ ਹਨ ਅਤੇ ਨਾਲ ਹੀ ਅਲੋਪ ਹੁੰਦੇ ਜਾ ਰਹੇ ਹਨ ਅਨੇਕਾਂ ਪੰਜਾਬ ਦੇ ਰਵਾਇਤੀ ਜੀਵ , ਜੰਤੂ , ਕੀੜੇ ਮਕੌੜੇ ਅਤੇ ਪੰਛੀ ।

ਇਥੇ ਵਰਨਣਯੋਗ ਹੈ ਕਿ ਇਹ ਜੰਗਲ ਲਗਾਉਣ ਦੀ ਸੇਵਾ ਵੀ ਹਮੇਸ਼ਾ ਦੀ ਤਰਾਂ ਦਹਾਕਿਆਂ ਤੋਂ ਵਾਤਾਵਰਣ ਦੀ ਸੇਵਾ ਸੰਭਾਲ ਵਿੱਚ ਜੁਟੇ ਖਡੂਰ ਸਾਹਬ ਵਾਲੇ ਬਾਬਾ ਸੇਵਾ ਸਿੰਘ ਅਤੇ ਬਾਬਾ ਗੁਰਪ੍ਰੀਤ ਸਿੰਘ ਜੀ ਦੀ ਸੁਯੋਗ ਅਗਵਾਈ ਵਿੱਚ ਰੁੱਖਾਂ ਦੀਆਂ ਕਿਸਮਾਂ ਅਤੇ ਓਹਨਾਂ ਦੇ ਰੋਗਨਾਸ਼ਕ ਗੁਣਾਂ ਬਾਰੇ ਅਥਾਹ ਅਤੇ ਗਹਿਰੀ ਜਾਣਕਾਰੀ ਰੱਖਣ ਵਾਲੇ ਬਾਬਾ ਦਵਿੰਦਰ ਸਿੰਘ ਅਤੇ ਓਹਨਾਂ ਦੇ ਨਾਲ ਆਏ ਸੇਵਾਦਾਰਾਂ ਨੇ ਕੀਤੀ । ਦੱਸਣਯੋਗ ਹੈ ਕਿ ਖਡੂਰ ਸਾਹਬ ਸੰਸਥਾ ਨੇ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ ਮਹਾਨ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਤੇ ਪਹਿਰਾ ਦਿੰਦਿਆਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਕੁੱਲ 550 ਜੰਗਲ ਲਗਾਉਣ ਦਾ ਅਹਿਦ ਲਿਆ ਸੀ । ਉਸ ਵਿੱਚੋਂ ਜਮਸ਼ੇਰ ਵਾਲਾ ਇਹ ਜੰਗਲ 286ਵਾਂ ਹੈ।

ਸੰਸਥਾ ਦੇ ਮੈਬਰਾਂ ਨੇ ਪਿੰਡ ਜਮਸ਼ੇਰ ਦੇ ਸਰਪੰਚ ਸ਼੍ਰੀ ਪਵਨ ਕੁਮਾਰ ਸੰਧੂ ਦਾ ਤਹੇ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਜੰਗਲ ਲਗਾਉਣ ਵਾਸਤੇ ਸੰਸਥਾ ਨੂੰ ਪੰਚਾਇਤੀ ਜ਼ਮੀਨ ਦੇਣ ਦੀ ਇਹ ਸ਼ਲਾਘਾਯੋਗ ਪਹਿਲਕਦਮੀ ਕਰਦਿਆਂ ਇਲਾਕੇ ਦੀਆਂ ਹੋਰ ਪੰਚਾਇਤਾਂ ਅਤੇ ਪੰਚਾਂ ਸਰਪੰਚਾਂ ਵਾਸਤੇ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ । ਆਸ ਕਰਦੇ ਹਾਂ ਕਿ ਇਸ ਤੋਂ ਪ੍ਰੇਰਨਾ ਲੈ ਕੇ ਅਤੇ ਉਤਸ਼ਾਹਿਤ ਹੋ ਕੇ ਹੋਰ ਪਿੰਡ ਵੀ ਕੁਦਰਤ ਦੀ ਇਸ ਮਹਾਨ ਸੇਵਾ ਵਾਸਤੇ ਅੱਗੇ ਆਉਣਗੇ । ਬਾਬਾ ਦਵਿੰਦਰ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਰਪੰਚ ਸਾਹਬ ਨੇ ਖੁਦ ਟਾਹਲੀ ਦਾ ਬੂਟਾ ਲਗਾ ਕੇ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ । ਪਿੰਡ ਨਾਹਲ ਦੇ ਸਰਪੰਚ ਸ਼੍ਰੀ ਮਤੀ ਪਲਵਿੰਦਰ ਕੌਰ ਜੀ ਵੀ ਆਪਣੇ ਸਾਥੀਆਂ ਸਮੇਤ ਇਸ ਮੌਕੇ ਮੌਜੂਦ ਰਹੇ ਅਤੇ ਓਹਨਾਂ ਨੇ ਆਪਣੇ ਹੱਥੀਂ ਜੰਗਲ ਵਿੱਚ ਅਰਜਨ ਦਾ ਇੱਕ ਬੂਟਾ ਲਗਾਇਆ ।

ਵਾਤਾਵਰਣ ਮਿੱਤਰਤਾ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਭੈਣ ਤੇਜਿੰਦਰਜੀਤ ਖਹਿਰਾ , ਸ਼੍ਰੀਮਤੀ ਕੁਲਵਿੰਦਰ ਕੌਰ ਖਹਿਰਾ , ਸ਼੍ਰੀਮਤੀ ਹਰਿੰਦਰ ਕੌਰ ਖਹਿਰਾ ਅਤੇ ਸ਼੍ਰੀਮਤੀ ਰਵਿੰਦਰ ਕੌਰ ਖਹਿਰਾ ਸਮੇਤ ਪਿੰਡ ਨਾਹਲ ਦੇ ਸਮੂਹ ਖਹਿਰਾ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਉਚੇਚੇ ਤੌਰ ਤੇ ਸਾਰੀ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਅਤੇ ਚਾਹ ਪਾਣੀ ਆਦਿ ਦਾ ਪ੍ਰਬੰਧ੍ਹ ਕੀਤਾ ।

ਵਾਮਿਸੋਈਅਨਜ਼ ,ਹੋਰ ਪਤਵੰਤੇ ਸੱਜਣ ਅਤੇ ਵਾਤਾਵਰਣ ਪ੍ਰੇਮੀ ਜੀਹਨਾਂ ਨੇ ਇਸ ਅਦੁੱਤੀ ਸੇਵਾ ਵਿਚ ਹਿੱਸਾ ਲਿਆ,ਉਹਨਾਂ ਵਿੱਚ ਰਾਜਦੀਪ ਖਹਿਰਾ, ਹਰਜਿੰਦਰ ਥਿੰਦ, ਜਰਨੈਲ ਟੁਰਨਾ, ਫੁੰਮਣ ਸਿੰਘ, ਗੁਰਦੀਪ ਸਿੰਘ ਨੰਢ੍ਹਾ, ਕੁਲਦੀਪ ਸਿੰਘ ਨੰਢ੍ਹਾ, ਹਰਜਿੰਦਰ ਨੰਢ੍ਹਾ, ਬਲਵਿੰਦਰ ਸਿੰਘ ਏਐਸਆਈ,  ਕਰਨੈਲ ਸਿੰਘ ਖਹਿਰਾ,ਨੂਰ ਖਹਿਰਾ, ਤੇਜਿੰਦਰ ਜੀਤ ਕੌਰ ਖਹਿਰਾ , ਪਰਮਜੀਤ ਸਿੰਘ ਖਹਿਰਾ ,  ਨੰਬਰਦਾਰ ਡਾਕਟਰ ਇਕਬਾਲ ਸਿੰਘ, ਗਿਆਨੀ ਸੁਰਜੀਤ ਸਿੰਘ ਖਹਿਰਾ, ਕੁਲਵਿੰਦਰ ਕੌਰ , ਸ੍ਰੀਮਤੀ ਪਲਵਿੰਦਰ ਕੌਰ ਸਰਪੰਚ ਨਾਹਲ , ਕਾਕਾ ਅਨਹਦਵੀਰ ਨੰਢ੍ਹਾ, ਕਾਕਾ ਗੁਰਸ਼ਾਨ, ਜਸਕੰਵਲ ਸਵੀਟੀ, ਚਰਨਕਮਲ ਮਹਿਰੋਕ ਏਐਸਆਈ, ਅਵਤਾਰ ਆਜ਼ਾਦ, ਸਲਿੰਦਰਪਾਲ ਸਿੰਘ, ਮਨੋਜ ਸੁਦੇੜਾ ਅਤੇ ਜਗਮੋਹਣ ਲੋਹੀਆਂ ਆਦਿ ਸਨ।

ਸ਼ਾਲਾ ਇਹਨਾਂ ਸੁਪਨਿਆਂ ਨੂੰ ਬੂਰ ਪਵੇ ਤੇ ਅਸੀਂ ਆਪਣੇ ਜਿਉਂਦੇ ਜੀਅ ਪੰਜਾਬ ਦਾ ਓਹ ਬੀਤਿਆ ਰੰਗਲਾ ਦੌਰ ਅਤੇ ਹਰੀ ਭਰੀ ਮੌਲ਼ਦੀ ਧਰਤ ਮੁੜ ਆਪਣੀਆਂ ਅੱਖਾਂ ਸਾਹਵੇਂ ਦੇਖ ਸੱਕੀਏ ।