ਬੀ.ਕੇ.ਯੂ ਉਗਰਾਹਾਂ ਸ਼ਾਹਕੋਟ ਨੇ ਟੌਲ ਪਲਾਜਾ ਦੇ ਮੈਨੇਜ਼ਰ ਨੂੰ ਦਿਤਾ ਮੰਗ ਪੱਤਰ ਮੰਗਾਂ ਨਾਂ ਮੰਨਣ ’ਤੇ 15 ਦਿਨਾਂ ਬਾਅਦ ਟੌਲ ਬੰਦ ਕਰਨ ਦੀ ਦਿਤੀ ਚੇਤਾਵਨੀ
ਬੀ.ਕੇ.ਯੂ ਉਗਰਾਹਾਂ ਸ਼ਾਹਕੋਟ ਨੇ ਟੌਲ ਪਲਾਜਾ ਦੇ ਮੈਨੇਜ਼ਰ ਨੂੰ ਦਿਤਾ ਮੰਗ ਪੱਤਰ
ਮੰਗਾਂ ਨਾਂ ਮੰਨਣ ’ਤੇ 15 ਦਿਨਾਂ ਬਾਅਦ ਟੌਲ ਬੰਦ ਕਰਨ ਦੀ ਦਿਤੀ ਚੇਤਾਵਨੀ
ਸ਼ਾਹਕੋਟ,17 ਦਸੰਬਰ ( ਰਣਜੀਤ ਬਹਾਦੁਰ )
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਨੇ ਸ਼ਾਹਕੋਟ ਦੇ ਨਜ਼ਦੀਕ ਕਾਵਾਂ ਵਾਲੇ ਪੱਤਣ ’ਤੇ ਸਥਿਤ ਟੌਲ ਪਲਾਜਾ ਦੇ ਮੈਨੇਜਰ ਨੂੰ ਮੰਗ ਪੱਤਰ ਦੇ ਕੇ ਰਾਸ਼ਟਰੀ ਹਾਈਵੇ ਤੇ ਸਰਵਿਸ ਲਾਈਨ ਦੀਆਂ ਟੁੱਟੀਆਂ ਸਡ਼ਕਾਂ ਦੀ ਮੁਰੰਮਤ ਕਰਨ ਅਤੇ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਨ ਸਮੇਤ ਹੋਰ ਅਨੇਕਾਂ ਨਿਯਮਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ,ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਰਾਸ਼ਟਰੀ ਹਾਈਵੇ ਦੀ ਸਡ਼ਕ ਉਸਾਰਨ ਵਾਲੀ ਕੰਪਨੀ ਲੋਕਾਂ ਕੋਲੋ ਕਰੋਡ਼ਾਂ ਰੁਪਏ ਦਾ ਟੌਲ ਤਾਂ ਇਕੱਠਾ ਕਰ ਰਹੀ,ਪਰ ਕੰਪਨੀ ਵੱਲੋਂ ਤਹਿ ਸੁਧਾ ਸ਼ਰਤਾਂ ਤਹਿਤ ਸਹੂਲਤਾਂ ਪ੍ਰਦਾਨ ਨਹੀ ਕਰ ਰਹੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਹਾਈਵੇ ਤੇ ਸਰਵਿਸ ਲਾਈਨਾਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ,ਜਿਸ ਕਾਰਨ ਆਏ ਦਿਨ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਕੰਮਨੀ ਵੱਲੋਂ ਨਾਂ ਤਾਂ ਐਬੂਲੈਂਸ ਅਤੇ ਨਾਂ ਹੀ ਰਿਕਵਰੀ ਵੈਨ ਦੀ ਸਹੂਲਤ ਉਪਲਬਦ ਕਰਵਾਈ ਜਾ ਰਹੀ ਹੈ। ਹਾਈਵੇ ਉੱਪਰ ਲੱਗੀਆਂ ਲਾਈਟਾਂ ਖਰਾਬ ਹਨ। ਡਿਵਾਈਡਰਾਂ ਉੱਪਰ ਲੱਗੇ ਦਰੱਖਤਾਂ ਦੀ ਪਿਛਲੇ 6 ਮਹੀਨਿਆਂ ਤੋਂ ਕਟਾਈ ਨਹੀ ਕਰਵਾਈ ਗਈ। ਉਪਰੋਕਤ ਘਾਟਾਂ ਨੂੰ ਪੂਰਾ ਕਰਵਾਉਣ ਲਈ ਉਨ੍ਹਾਂ ਅੱਜ ਕੰਪਨੀ ਦੇ ਮੈਨੇਜ਼ਰ ਨੂੰ ਮੰਗ ਪੱਤਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਨੇ 15 ਦਿਨਾਂ ਤੱਕ ਉਨ੍ਹਾਂ ਦੀਆਂ ਉਕਤ ਮੰਗਾਂ ਨੂੰ ਪ੍ਰਵਾਨ ਨਾਂ ਕੀਤਾ ਤਾਂ ਉਹ ਟੌਲ ਉੱਪਰ ਧਰਨਾ ਲਗਾ ਕੇ ਟੌਲ ਫਰੀ ਕਰਵਾ ਦੇਣਗੇ। ਧਰਨੇ ਸਮੇਂ ਹੋਏ ਨੁਕਸਾਨ ਦੀ ਜਿੰਮੇਵਾਰੀ ਕੰਪਨੀ ਦੀ ਹੋਵੇਗੀ।
ਇਸ ਸਬੰਧੀ ਕੰਪਨੀ ਦੇ ਮੈਨੇਜ਼ਰ ਸੋਨੂੰ ਤੋਮਰ ਨੇ ਕਿਹਾ ਕਿ ਸਡ਼ਕਾਂ ਦੀ ਮੁਰੰਮਤ ਦਾ ਕੰਮ ਐਨ.ਐਚ.ਏ.ਆਈ ਅਤੇ ਪੀ.ਡਬਲਿਊ.ਡੀ ਦੀ ਹੈ। ਮੁਰੰਮਤ ਦਾ ਕੰਮ ਡੀ.ਬੀ.ਐਲ ਕੰਪਨੀ ਕੋਲ ਸੀ,ਜੋ ਭੱਜ ਗਈ ਹੈ। ਉਨ੍ਹਾਂ ਕੋਲ ਤਾਂ ਕੁਲੈਕਸ਼ਨ ਕਰਨ ਦੀ ਹੀ ਜਿੰਮੇਵਾਰੀ ਹੈ। ਪਰ ਇਸਦੇ ਬਾਵਜੂਦ ਵੀ ਉਹ ਯੂਨੀਅਨ ਦੀਆਂ ਉਕਤ ਮੰਗਾਂ ਨੂੰ ਕੰਪਨੀ ਤੱਕ ਪਹੁੰਚਾ ਕੇ ਇਸਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।