Friday, June 20, 2025
LocalPunjab

26 ਨਵੰਬਰ ਨੂੰ ਸੰਗਰੂਰ ਰੈਲੀ ਦੀ ਤਿਆਰੀ ਲਈ ਡੀ.ਟੀ.ਐਫ ਨੇ ਕੀਤੀ ਮੀਟਿੰਗ

26 ਨਵੰਬਰ ਨੂੰ ਸੰਗਰੂਰ ਰੈਲੀ ਦੀ ਤਿਆਰੀ ਲਈ ਡੀ.ਟੀ.ਐਫ ਨੇ ਕੀਤੀ ਮੀਟਿੰਗ

ਸ਼ਾਹਕੋਟ / ਮਲਸੀਆਂ ,18 ਨਵੰਬਰ ( ਰਣਜੀਤ ਬਹਾਦੁਰ ):-

ਸੰਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਦੀ ਤਿਆਰੀ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦੀ ਮੀਟਿੰਗ ਸੁਖਵਿੰਦਰਪ੍ਰੀਤ ਸਿੰਘ ਦੀ ਪ੍ਰਧਾਂਨਗੀ ਹੇਠ ਮਲਸੀਆਂ ਵਿਖੇ ਕੀਤੀ ਗਈ,ਜਿਸ ਵਿਚ ਅੰਮ੍ਰਿਤ ਪਾਲ ਸਿੰਘ,ਰਾਜਵਿੰਦਰ ਪਾਲ ਸਿੰਘ ਅਤੇ ਬਲਵਿੰਦਰ ਸਿੰਘ ਮੁਰੀਦਵਾਲ ਸ਼ਾਮਿਲ ਹੋਏ। ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ ਤੇ ਸਕੱਤਰ ਅਵਤਾਰ ਲਾਲ ਨੇ ਦੱਸਿਆ ਕਿ ਮੀਟਿੰਗ ਵਿਚ ਉਕਤ ਸੂਬਾਈ ਰੈਲੀ ਦੀ ਤਿਆਰੀ ਕਰਨ ਲਈ ਜ਼ਿਲ੍ਹੇ ਅੰਦਰ ਲਾਮਬੰਦੀ ਕਰਨ ਲਈ ਯੋਜਨਾ ਤਿਆਰ ਕੀਤੀ ਗਈ। ਅਧਿਆਪਕਾਂ ਦੀਆਂ ਵੱਖ-ਵੱਖ ਟੀਮਾਂ ਟੀਮਾਂ ਦਾ ਗਠਨ ਕਰਕੇ ਅਧਿਆਪਕਾਂ ਨਾਲ ਸਕੂਲਾਂ ਤੇ ਘਰਾਂ ਵਿਚ ਉਨ੍ਹਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਗਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਦੀਆਂ ਆਰਥਿਕ ਤੇ ਹੋਰ ਭਖਦੀਆਂ ਮੰਗਾਂ ਨੂੰ ਮੰਨਣ ਲਈ ਬਿਲਕੁਲ ਵੀ ਸੁਹਿਰਦ ਨਹੀ ਹੈ,ਜਿਸ ਕਾਰਨ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ,ਜਿਸਦਾ ਪ੍ਰਗਟਾਵਾ ਉਹ 26 ਨਵੰਬਰ ਨੂੰ ਸੰਗਰੂਰ ਪਹੁੰਚ ਕੇ ਕਰਨਗੇ। ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸਤ ਨਾ ਦੇਣ ਦੀ ਨਿਖੇਧੀ ਕਰਦਿਆ ਉਨ੍ਹਾਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,ਜ਼ਬਰੀ ਵਸੂਲਿਆ ਜਾ ਰਿਹਾ 200 ਰੁਪਏ ਵਿਕਾਸ ਟੈਕਸ ਵਸੂਲਣਾ ਬੰਦ ਕੀਤਾ ਜਾਵੇ,ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਬਕਾਇਆ ਕਿਸਤਾਂ ਜਾਰੀ ਕੀਤੀਆਂ ਜਾਣ,2020 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦਾ ਕੇਂਦਰੀ ਸਕੇਲ ਖਤਮ ਕਰਕੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।