ਵਧੀਕ ਡਿਪਟੀ ਕਮਿਸ਼ਨਰ ਵਲੋਂ ਨਕੋਦਰ ਵਿਖੇ ਕਿਸਾਨਾਂ ਨੂੰ ਪਰਾਲੀ ਗਰੀਨ ਪਲੇਨੈਟ ਐਨਰਜੀ ਪਲਾਂਟ ਵਿਖੇ ਲਿਆਉਣ ਦਾ ਸੱਦਾ ਬੇਲਰਾਂ ਰਾਹੀਂ ਪਰਾਲੀ ਖੇਤਾਂ ਵਿਚੋਂ ਚੁਕਵਾਉਣ ਲਈ ਕਿਸਾਨ ਖੇਤੀਬਾੜੀ ਵਿਸਥਾਰ ਅਫ਼ਸਰ ਨਾਲ 78892-35735 ’ਤੇ ਕਰ ਸਕਣਗੇ ਸੰਪਰਕ
ਵਧੀਕ ਡਿਪਟੀ ਕਮਿਸ਼ਨਰ ਵਲੋਂ ਨਕੋਦਰ ਵਿਖੇ ਕਿਸਾਨਾਂ ਨੂੰ ਪਰਾਲੀ ਗਰੀਨ ਪਲੇਨੈਟ ਐਨਰਜੀ ਪਲਾਂਟ ਵਿਖੇ ਲਿਆਉਣ ਦਾ ਸੱਦਾ
ਬੇਲਰਾਂ ਰਾਹੀਂ ਪਰਾਲੀ ਖੇਤਾਂ ਵਿਚੋਂ ਚੁਕਵਾਉਣ ਲਈ ਕਿਸਾਨ ਖੇਤੀਬਾੜੀ ਵਿਸਥਾਰ ਅਫ਼ਸਰ ਨਾਲ 78892-35735 ’ਤੇ ਕਰ ਸਕਣਗੇ ਸੰਪਰਕ
ਨਕੋਦਰ , 4 ਨਵੰਬਰ ( ਅਨਿਲ ਐਰੀ/ ਟੋਨੀ)
ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿੱਚ ਹੀ ਨਿਪਟਾਉਣ ਦੇ ਮਕਸਦ ਨਾਲ ਨਕੋਦਰ ਉਪ ਮੰਡਲ ਲਈ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਪਾਲ ਸਿੰਘ ਬਾਜਵਾ ਵਲੋਂ ਬੀਰ ਪਿੰਡ ਵਿਖੇ ਲੱਗੇ ਗਰੀਨ ਪਲੇਨੈਟ ਐਨਰਜੀ ਸੇਵਿੰਗ ਪਲਾਂਟ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ਅਨੁਸਾਰ ਉੱਚ ਅਧਿਕਾਰੀਆਂ ਵਲੋਂ ਫੀਲਡ ਵਿੱਚ ਜਾ ਕੇ ਜਿਥੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਰਿਹਾ ਹੈ ਉਥੇ ਹੀ ਪਰਾਲੀ ਦੇ ਯੋਗ ਨਿਪਟਾਰੇ ਲਈ ਸਬਸਿਡੀ ਉਪਰ ਦਿੱਤੀ ਗਈ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੇਲਰ ਰਾਹੀਂ ਬੰਨ੍ਹੀਆਂ ਗਈਆਂ ਗੰਢਾਂ ਇਸ ਪਲਾਂਟ ਵਿਖੇ ਲੈ ਕੇ ਆਉਣ ਕਿਉਂ ਜੋ ਇਸ ਪਲਾਂਟ ਦੀ ਸਮਰੱਥਾ 70000 ਮੀਟਰਿਕ ਟਨ ਹੈ ਜਦਕਿ ਅਜੇ ਤੱਕ ਇਥੇ ਸਿਰਫ਼ 30000 ਮੀਟਰਿਕ ਟਨ ਪਰਾਲੀ ਹੀ ਆਈ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਬੰਨਣ ਲਈ 44 ਬੇਲਰ ਚੱਲ ਰਹੇ ਹਨ ਅਤੇ ਇਕੱਠੀ ਕੀਤੀ ਪਰਾਲੀ ਦੀ ਬਾਲਣ ਵਜੋਂ ਵਰਤੋਂ ਕਰਕੇ ਰੋਜ਼ਾਨਾ 6 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਐਸ.ਡੀ.ਐਮ. ਨਕੋਦਰ ਸ੍ਰੀ ਇਰਵਿਨ ਕੌਰ ਦੇ ਨਾਲ ਖੇਤਾਂ ਵਿੱਚ ਜਾ ਕੇ ਬੇਲਰ ਰਾਹੀਂ ਪਰਾਲੀ ਨੂੰ ਇਕੱਠਾ ਕੀਤੇ ਜਾਣ ਦੇ ਕੰਮ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸਹੂਲਤ ਲਈ ਬੇਲਰ ਰਾਹੀਂ ਪਰਾਲੀ ਨੂੰ ਖੇਤਾਂ ਵਿਚੋਂ ਚੁਕਵਾਉਣ ਲਈ ਖੇਤੀਬਾੜੀ ਵਿਸਥਾਰ ਅਫ਼ਸਰ ਮਹਿੰਦਰ ਸਿੰਘ ਨਾਲ ਮੋਬਾਇਲ ਨੰਬਰ 78892-35735 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸਬ ਡਵੀਜ਼ਨ ਨਕੋਦਰ ਦੇ ਸਰਪੰਚਾਂ, ਨੰਬਰਦਾਰਾਂ, ਕਲੱਸਟਰ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਸਪਸ਼ਟ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸਬੰਧਿਤ ਕਿਸਾਨ ਦੀ ਜਮ੍ਹਾਬੰਦੀ ਵਿੱਚ ਰੈਡ ਐਂਟਰੀ ਕੀਤੀ ਜਾਵੇ।
ਫੋਟੋ ਕੈਪਸ਼ਨ :- ਨਕੋਦਰ ਵਿਖੇ ਕਲੱਸਟਰ ਅਫ਼ਸਰਾਂ, ਸਰਪੰਚਾਂ-ਪੰਚਾਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ।