ਐਨ ਆਰ ਆਈ ਸਭਾ ਪੰਜਾਬ ਦੀ ਚੋਣ ਹੋਵੇਗੀ 5 ਜਨਵਰੀ 2024 ਨੂੰ। 11 ਅਤੇ 12 ਦਸੰਬਰ ਨੂੰ ਭਰੇ ਜਾਣਗੇ ਨਾਮਜ਼ਦਗੀ ਪੱਤਰ, ਕਾਗਜ਼ਾਂ ਦੀ ਪੜਤਾਲ 13 ਦਸੰਬਰ ਨੂੰ ਅਤੇ 22 ਦਸੰਬਰ ਵਾਪਸ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ
ਐਨ ਆਰ ਆਈ ਸਭਾ ਪੰਜਾਬ ਦੀ ਚੋਣ ਹੋਵੇਗੀ 5 ਜਨਵਰੀ 2024 ਨੂੰ।
11 ਅਤੇ 12 ਦਸੰਬਰ ਨੂੰ ਭਰੇ ਜਾਣਗੇ ਨਾਮਜ਼ਦਗੀ ਪੱਤਰ, ਕਾਗਜ਼ਾਂ ਦੀ ਪੜਤਾਲ 13 ਦਸੰਬਰ ਨੂੰ ਅਤੇ 22 ਦਸੰਬਰ ਵਾਪਸ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ
ਸ਼ਾਹਕੋਟ / ਜਲੰਧਰ, 18 ਅਕਤੂਬਰ (ਰਣਜੀਤ ਬਹਾਦੁਰ): ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਕਾਰਜਕਾਰੀ ਡਾਇਰੈਕਟਰ ਵਰਿੰਦਰਪਾਲ ਸਿੰਘ ਬਾਜਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ, ਜੋ ਕਿ 5 ਜਨਵਰੀ 2024 ਨੂੰ ਹੋਣੀ ਹੈ, ਦੇ ਮੱਦੇਨਜ਼ਰ ਸਭਾ ਦੇ ਮੈਂਬਰਾਂ ਦੀ ਡ੍ਰਾਫਟ ਵੋਟਰ ਸੂਚੀ 3 ਨਵੰਬਰ 2023 ਤੱਕ ਸਭਾ ਦੀ ਵੈੱਬਸਾਈਟ www.nrisabhapunjab.in ’ਤੇ ਉਪਲਬਧ ਹੋਵੇਗੀ, ਜਿਸ ’ਤੇ 10 ਨਵੰਬਰ 2023 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਤ ਈ.ਆਰ.ਓਜ਼ ਵੱਲੋਂ 17 ਨੰਵਬਰ 2023 ਤੱਕ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਉਪਰੋਕਤ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਜਾਵੇਗੀ। ਨਾਮਜ਼ਦਗੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 11 ਅਤੇ 12 ਦਸੰਬਰ 2023 ਨੂੰ ਨਾਮਜ਼ਦਗੀ ਪੱਤਰ ਭਰੇ ਜਾਣਗੇ ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 13 ਦਸੰਬਰ 2023 ਨੂੰ ਹੋਵੇਗੀ। 14 ਅਤੇ 15 ਦਸੰਬਰ ਨੂੰ ਚੋਣਾਂ ‘ਚ ਸਰਬਸੰਮਤੀ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਕੋਸ਼ਿਸ਼ ਤੋਂ ਬਾਅਦ 22 ਦਸੰਬਰ 2023 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਐਨ.ਆਰ.ਆਈ. ਸਭਾ ਪੰਜਾਬ ਦੇ ਨਿਯਮ 3 (c) (viii) ਦੇ ਉਪ-ਨਿਯਮਾਂ ਅਨੁਸਾਰ ਫੋਟੋ ਸ਼ਨਾਖਤੀ ਕਾਰਡਾਂ ਦੀ ਵੈਧਤਾ 5 ਸਾਲ ਹੈ ਅਤੇ ਫੋਟੋ ਪਛਾਣ ਪੱਤਰ ਹਰ ਪੰਜ ਸਾਲ ਬਾਅਦ ਨਵਿਆਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜਾਰੀ ਉਪਰੋਕਤ ਨਿਯਮਾਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਨੇ ਸਭਾ ਦੇ ਸਾਰੇ ਮੈਂਬਰਾਂ ਨੂੰ ਪੰਜ ਸਾਲ ਤੋਂ ਪੁਰਾਣੇ ਆਪਣੇ ਫੋਟੋ ਸ਼ਨਾਖਤੀ ਕਾਰਡ ਰੀਨਿਊ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਫੋਟੋ ਸ਼ਨਾਖਤੀ ਕਾਰਡ ਨਵਿਆਉਣ ਦੀ ਆਖਰੀ ਮਿਤੀ 15 ਦਸੰਬਰ 2023 ਹੈ। ਉਨ੍ਹਾਂ ਅੱਗੇ ਦੱਸਿਆ ਕਿ 27 ਅਕਤੂਬਰ, 2023 ਤੱਕ ਮੈਂਬਰ ਵਜੋਂ ਨਾਮ ਦਰਜ ਕਰਵਾਉਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਇਸ ਚੋਣ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਿਰਫ਼ ਐਨ.ਆਰ.ਆਈ. ਮੈਂਬਰ ਨੂੰ ਵੋਟ ਕਰਨ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦ ਵਿਅਕਤੀ ਐਨ.ਆਰ.ਆਈ. ਮੈਂਬਰਾਂ ਦੀ ਤਰਫੋਂ ਵੋਟ ਨਹੀਂ ਕਰ ਸਕਦੇ। ਸ਼੍ਰੀ ਬਾਜਵਾ ਨੇ ਕਿਹਾ ਕਿ ਵੋਟ ਪਾਉਣ ਲਈ ਆਉਣ ਵਾਲੇ ਸਭਾ ਦੇ ਐਨ.ਆਰ.ਆਈ. ਮੈਂਬਰ ਆਪਣੇ ਪਾਸਪੋਰਟ ਦੇ ਨਾਲ ਐਨ.ਆਰ.ਆਈ.ਸਭਾ ਪੰਜਾਬ ਜਾਂ ਐਨ.ਆਰ.ਆਈ. ਸਭਾ ਜ਼ਿਲ੍ਹਾ ਇਕਾਈ ਵੱਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਨਾਲ ਜ਼ਰੂਰ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਵੋਟਿੰਗ ਸਮੇਂ ਪਛਾਣ ਦਾ ਕੋਈ ਹੋਰ ਸਬੂਤ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ www.nrisabhapunjab.in ‘ਤੇ ਵਿਜ਼ਿਟ ਕੀਤਾ ਜਾ ਸਕਦਾ ਹੈ