Thursday, June 19, 2025
Punjab

ਸ਼ਰਮਨਾਕ : ‘ਸ਼ੈਲਟਰ ਹੋਮ’ ’ਚ ਨਾਬਾਲਿਗ ਨਾਲ ਹੋਈ ਸੀ ਬਦਫੈਲੀ, ਸੱਤ ਸਾਲ ਬਾਅਦ ਇੰਝ ਹੋਇਆ ਖ਼ੁਲਾਸਾ

ਪਟਿਆਲਾ : ‘ਸ਼ੈਲਟਰ ਹੋਮ’ ਵਿਚ ਨਾਬਾਲਿਗ ਨਾਲ ਬਦਫੈਲੀ ਕੀਤੀ ਗਈ ਸੀ। ਇਸ ਦਾ ਖੁਲਾਸਾ ਸੱਤ ਸਾਲ ਬਾਅਦ ਹਾਈਕੋਰਟ ਦੇ ਵਿਜੀਲੈਂਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਹੋਇਆ ਹੈ। ਫ਼ਿਲਹਾਲ ਪੀੜਤ ਵੱਲੋਂ ਦੱਸੀ ਹੱਡਬੀਤੀ ਦੇ ਅਧਾਰ ’ਤੇ ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਦੀ ਸ਼ਿਕਾਇਤ ’ਤੇ ਰਾਜਪੁਰਾ ਦੇ ਥਾਣਾ ਸਿਟੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ‘ਪੰਜਾਬੀ ਜਾਗਰਣ’ ਨੇ ਬਾਲ ਘਰਾਂ ਵਿਚ ਬੇਨਿਯਮੀਆਂ ਨੂੰ ਉਜਾਗਰ ਕੀਤਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮਹੀਨੇ ਅੰਦਰ ਮਾਮਲਿਆਂ ਸਬੰਧੀ ਜਵਾਬ ਮੰਗਿਆ ਤੇ ਨਾਲ ਹੀ ਜ਼ਿਲ੍ਹਾ ਸੈਸ਼ਨ ਅਦਾਲਤ ਪਟਿਆਲਾ ਤੋਂ ਰਿਪੋਰਟ ਮੰਗੀ ਗਈ ਗਈ ਤੇ ਅੱਖੋਂ ਪਰੋਖੇ ਕੀਤੇ ਮਾਮਲੇ ਖੁੱਲ੍ਹਣ ਲੱਗੇ।

ਬਾਲ ਭਲਾਈ ਕਮੇਟੀ ਪਟਿਆਲਾ ਦੀ ਨਵ-ਨਿਯੁਕਤ ਚੇਅਰਪਰਸਨ ਰੋਜ਼ੀ ਸਰੀਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਵਲੋਂ 20 ਅਗਸਤ ਨੂੰ ਭੀਖ ਮੰਗਣ ਵਾਲੇ ਇੱਕ ਬੱਚੇ ਜੋ ਕਿ ਐਚਆਈਵੀ ਪੀੜਤ ਵੀ ਹੈ, ਨੂੰ ਲੱਭਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਾਂਚ ਕਰਦਿਆਂ 5 ਅਕਤੂਬਰ ਨੂੰ ਬੱਚਾ ਪਟਿਆਲਾ ਦੇ 22 ਨੰਬਰ ਫਾਟਕ ਕੋਲ ਭੀਖ ਮੰਗਦਾ ਮਿਲਿਆ। ਬੱਚੇ ਨੇ ਬਾਲ ਭਲਾਈ ਟੀਮ ਨੂੰ ਦੱਸਿਆ ਕਿ ਉਹ ਕੁਝ ਸਮੇਂ ਤੋਂ ਦਵਾਈ ਨਹੀਂ ਲੈ ਰਿਹਾ ਹੈ, ਜਦੋਂ ਉਸ ਨੂੰ ਸ਼ੈਲਟਰ ਹੋਮ ਲੈ ਕੇ ਜਾਣ ਦੀ ਗੱਲ ਕਹੀ ਤਾਂ ਬੱਚਾ ਡਰ ਗਿਆ ਤੇ ਜਾਣ ਤੋਂ ਨਾਂਹ ਕਰ ਗਿਆ। ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਬੱਚੇ ਨੇ ਦੱਸਿਆ ਕਿ ਜਦੋਂ ਉਹ ਪਟਿਆਲਾ ਜ਼ਿਲ੍ਹੇ ਦੇ ਸ਼ੈਲਟਰ ਹੋਮ ਵਿਚ ਰਹਿ ਰਿਹਾ ਸੀ ਤਾਂ ਕੁਝ ਵੱਡੇ ਮੁੰਡਿਆਂ ਨੇ ਸ਼ਰੀਰਕ ਸ਼ੋਸ਼ਣ ਕੀਤਾ ਸੀ। ਫਿਰਬਾਲ ਭਲਾਈ ਕਮੇਟੀ ਨੇ ਬੱਚੇ ਸਮੇਤ ਚਿਲਡਰਨ ਹੋਮ ਦਾ ਦੌਰਾ ਕੀਤਾ। ਜਿਥੇ ਬੱਚੇ ਵਲੋਂ ਹਰ ਜਗ੍ਹਾ ਦੀ ਪਛਾਣ ਕੀਤੀ ਗਈ ਤੇ ਕਮੇਟੀ ਵਲੋਂ ਇਸ ਸਬੰਧੀ ਮੌਕੇ ਵੀਡੀਓਗ੍ਰਾਫੀ ਵੀ ਕੀਤੀ ਗਈ। ਬੱਚੇ ਨੂੰ ਸਕੂਲ ਵਿਚ ਲਿਜਾਇਆ ਗਿਆ, ਜਿਥੇ ਉਸ ਨੇ ਸ਼ੁਰੂਆਤੀ ਦੌਰ ਵਿਚ ਪੜ੍ਹਾਈ ਕੀਤੀ ਸੀ। ਸਕੂਲ ਦੇ ਕੁਝ ਸਟਾਫ ਤੇ ਬੱਚੇ ਨੇ ਇਕ ਦੂਸਰੇ ਦੀ ਪਛਾਣ ਕਰ ਲਈ। ਸਕੂਲ ਰਿਕਾਰਡ ਅਨੁਸਾਰ ਬੱਚਾ 25 ਅਪ੍ਰੈਲ 2015 ਨੂੰ ਇਥੇ ਪਹਿਲੀ ਜਮਾਤ ਵਿਚ ਦਾਖ਼ਲ ਹੋਇਆ ਸੀ। ਸਟਾਫ ਮੁਤਾਬਕ ਬੱਚਾ ਕੁਝ ਸਮਾਂ ਹੀ ਸਕੂਲ ਆਇਆ ਸੀ। ਇਸ ਦੌਰਾਨ ਬੱਚੇ ਨੇ ਉਨਾਂ ਸਾਰੀਆਂ ਥਾਵਾਂ ਦੀ ਨਿਸ਼ਾਨਦੇਹੀ ਦਿੱਤੀ ਜਿੱਥੇ ਉਸ ਨਾਲ ਬਦਫੈਲੀ ਕੀਤੀ ਗਈ ਸੀ।