Friday, June 20, 2025
Punjab

ਪਰੀਖਿਆਵਾਂ ਦੇ ਦਿਨਾਂ ਵਿੱਚ ਕਿੰਨੂਆਂ ਵਿੱਚ ਉਲ਼ਝਾਏ ਅਧਿਆਪਕਃ ਨਵਪ੍ਰੀਤ ਬੱਲੀ

ਪਰੀਖਿਆਵਾਂ ਦੇ ਦਿਨਾਂ ਵਿੱਚ ਕਿੰਨੂਆਂ ਵਿੱਚ ਉਲ਼ਝਾਏ ਅਧਿਆਪਕਃ ਨਵਪ੍ਰੀਤ ਬੱਲੀ

ਨਕੋਦਰ 22 ਫ਼ਰਵਰੀ (ਅਨਿਲ ਐਰੀ)

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ(ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ,ਸੂਬਾ ਜਨਰਲ ਸਕੱਤਰ ਸੁਰਿੰਦਰ  ਕੰਬੋਜ ,ਵਿੱਤ ਸਕੱਤਰ ਸੋਮ ਸਿੰਘ,ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਸਕੂਲਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ  ਅੱਵਲ ਬਨਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ ਉੱਥੇ ਅਧਿਆਪਕ ਵਰਗ ਨੂੰ ਗ਼ੈਰ ਵਿੱਦਿਅਕ ਕਾਰਜਾਂ ਵਿਚ ਉਲਝਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਤਹਿਤ ਜਿੱਥੇ ਹਫ਼ਤੇ ਵਿਚ ਇਕ ਦਿਨ ਸ਼ੀਜਨਲ ਫਲ ਦੇਣ ਤਹਿਤ ਬੱਚਿਆਂ ਨੂੰ ਪੰਜਾਬ ਐਗਰੋ ਰਾਹੀਂ ਕਿੰਨੂ ਦੇਣ ਦਾ ਫੈਸਲਾ ਕੀਤਾ ਹੈ ।ਉੱਥੇ ਅਧਿਆਪਕ ਨੂੰ ਇਮਤਿਹਾਨਾਂ ਦੇ ਦਿਨਾਂ ਵਿਚ ਕਿੰਨੂਆ ਦੀ ਢੋਆ ਢੋਹਾਈ ਵਿਚ ਲੱਗਾ ਦਿੱਤਾ ਗਿਆ ਹੈ।ਜਨਵਰੀ ਮਹੀਨੇ ਜਦੋਂ ਫਲ ਦੇਣ ਦਾ ਫੈਸਲਾ ਹੋਇਆ ਸੀ ਤਾ ਅਧਿਆਪਕਾਂ ਵੱਲੋਂ ਇਸ ਕਾਰਜ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕਰ ਦਿੱਤਾ ਗਿਆ ਸੀ ਪਰ  ਹੁਣ ਕਿੰਨੂਆ ਲਈ ਲਗਭਗ ਸਾਰੇ ਪੰਜਾਬ ਦੇ ਅਧਿਆਪਕਾਂ ਦਾ ਇਕ ਦਿਨ ਇਸੇ ਗ਼ੈਰ ਵਿੱਦਿਅਕ ਕਾਰਜ ਵਿਚ ਖਰਾਬ ਹੋ ਰਿਹਾ ਹੈ।ਅਧਿਆਪਕ ਪਹਿਲਾਂ ਟਰੱਕ ਤੋਂ ਇਹ ਕਿੰਨੂ ਆਪਣੇ ਆਪਣੇ ਬਲਾਕਾਂ ਵਿੱਚ ਬਣਾਏ ਕੇਂਦਰ ਤੱਕ ਲੈਣ ਲਈ ਜਾਂਦਾ ਹੈ ਤੇ ਫਿਰ ਉਹ ਕਿੰਨੂ ਸਕੂਲ ਲਿਆ ਕੇ ਬੱਚਿਆਂ ਵਿਚ ਵੰਡਾਉਂਦਾ ਹੈ।ਜਿੱਥੇ ਬਲਾਕਾਂ ਵਿਚ ਲੱਗੇ ਸੈਂਟਰ ਹੈੱਡ ਅਧਿਆਪਕ ਇਸ ਕਾਰਜ ਵਿਚ ਸਵੇਰੇ ਸਕੂਲ ਖੁਲਣ ਤੋ ਬੰਦ ਹੋਣ ਤੱਕ ਇਸੇ ਕਾਰਜ ਵਿਚ ਲੱਗੇ ਹੋਏ ਹਨ ਉਥੇ ਅਧਿਆਪਕ 25-30 ਕਿੱਲੋਮੀਟਰ ਆਉਣ ਜਾਣ ਇਨ੍ਹਾਂ ਕਿੰਨੂਆਂ ਲਈ ਕਰ ਰਹੇ ਹਨ।ਸਰਕਾਰ ਨੂੰ ਕਿੰਨੂ ਪਾਲਕਾਂ ਦੀ ਇੰਨੀ ਚਿੰਤਾ ਹੈ ਤਾ ਦੇਸ਼ ਦੇ ਭਵਿੱਖ ਸਕੂਲੀ ਬੱਚਿਆ ਦੀ ਪੜ੍ਹਾਈ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ।ਬੱਚਿਆਂ ਦਾ ਭਵਿੱਖ ਕਿੰਨੂਆ ਨੇ ਨਹੀਂ ਅਧਿਆਪਕਾਂ ਨੇ ਤਿਆਰ ਕਰਨਾ ਹੈ।ਇਸ ਲਈ ਸਰਕਾਰ ਇਨ੍ਹਾਂ ਕਿੰਨੂਆ ਨੂੰ  ਹਰ ਸਕੂਲ ਵਿੱਚ ਸਹੀ ਸਮੇਂ ਤੇ ਪਹੁੰਚਾਉਣ ਦਾ ਪਰਬੰਧ ਪੰਜਾਬ ਐਗਰੋ ਰਾਹੀਂ ਕਰੇ।ਜਾਂ ਫਿਰ ਮਿਡ ਡੇ ਮੀਲ ਦੇ ਹੋਰ ਕਾਰਜਾਂ ਵਾਂਗ ਅਧਿਆਪਕਾਂ ਨੂੰ ਹੀ ਆਪਣੇ ਪੱਧਰ ਤੇ ਪ੍ਰਬੰਧ ਕਰਨ ਲਈ ਫੰਡ ਉਪਲਬੱਧ ਕਰਵਾਏ।ਇਸ ਮੌਕੇ ਕੰਵਲਜੀਤ ਸੰਗੋਵਾਲ,ਗੁਰਜੀਤ ਸਿੰਘ ਮੋਹਾਲੀ,ਪਰਗਟ ਸਿੰਘ ਜੰਬਰ,ਜਤਿੰਦਰ ਸਿੰਘ ਸੋਨੀ,ਸੁੱਚਾ ਸਿੰਘ ਚਾਹਲ,ਜਗਤਾਰ ਸਿੰਘ ਖਮਾਣੋਂ ,ਲਾਲ ਚੰਦ ,ਗੁਰਮੀਤ ਸਿੰਘ ਖ਼ਾਲਸਾ ਵੱਲੋਂ ਗ਼ੈਰ ਵਿੱਦਿਅਕ ਬੇਮਤਲਬ ਕਾਰਜਾਂ ਵਿੱਚ ਅਧਿਆਪਕਾਂ ਵਰਗ ਨੂੰ  ਉਲ਼ਝਾਉਣ ਦੀ ਨਿਖੇਧੀ ਕੀਤੀ ਗਈ।