ਟੌਲ ਕੰਪਨੀ ਵੱਲੋਂ ਨਿਯਮਾਂ ਦੀ ਪਾਲਣਾ ਨਾਂ ਕਰਨ ’ ਦਾ ਦੋਸ਼ ਲਾਉਂਦੇ ਹੋਏ ਬੀ.ਕੇ.ਯੂ ਉਗਰਾਹਾਂ ਨੇ ਚੱਕ ਬਾਹਮਣੀਆਂ ਦੇ ਟੌਲ ਤੇ ਲਗਾਇਆ ਧਰਨਾ ਭਰਾਤਰੀ ਜਥੇਬੰਦੀਆਂ ਨੂੰ 22 ਤੋਂ 26 ਤੱਕ ਲਗਾਏ ਜਾ ਰਹੇ ਧਰਨਿਆਂ ’ਚ ਵੱਡੀ ਗਿਣਤੀ ਵਿਚ ਪੁੱਜਣ ਦੀ ਕੀਤੀ ਅਪੀਲ
ਟੌਲ ਕੰਪਨੀ ਵੱਲੋਂ ਨਿਯਮਾਂ ਦੀ ਪਾਲਣਾ ਨਾਂ ਕਰਨ ’ ਦਾ ਦੋਸ਼ ਲਾਉਂਦੇ ਹੋਏ ਬੀ.ਕੇ.ਯੂ ਉਗਰਾਹਾਂ ਨੇ ਚੱਕ ਬਾਹਮਣੀਆਂ ਦੇ ਟੌਲ ਤੇ ਲਗਾਇਆ ਧਰਨਾ
ਭਰਾਤਰੀ ਜਥੇਬੰਦੀਆਂ ਨੂੰ 22 ਤੋਂ 26 ਤੱਕ ਲਗਾਏ ਜਾ ਰਹੇ ਧਰਨਿਆਂ ’ਚ ਵੱਡੀ ਗਿਣਤੀ ਵਿਚ ਪੁੱਜਣ ਦੀ ਕੀਤੀ ਅਪੀਲ
ਸ਼ਾਹਕੋਟ / ਮਲਸੀਆਂ, 18 ਜਨਵਰੀ ( ਰਣਜੀਤ ਬਹਾਦੁਰ ):- ਜਲੰਧਰ-ਬਰਨਾਲਾ ਰਾਸ਼ਟਰੀ ਹਾਈਵੇ ਐਨ.ਐਚ.703 ਦੀ ਨਿਜੀ ਕੰਪਨੀ ਵੱਲੋਂ ਟੌਲ ਨਿਯਮਾਂ ਦੀ ਪਾਲਣਾ ਨਾਂ ਕਰਨ ਦੇ ਦੋਸ਼ ਲਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਚੱਕ ਬਾਂਹਮਣੀਆਂ ਦੇ ਟੌਲ ਪਲਾਜਾ ਉੱਪਰ ਇਕ ਦਿਨ ਦਾ ਸੰਕੇਤਕ ਧਰਨਾ ਲਗਾਇਆ। ਧਰਨੇ ਵਿਚ ਟਰੱਕ ਯੂਨੀਅਨ ਸ਼ਾਹਕੋਟ ਅਤੇ ਟੈਕਸੀ ਯੂਨੀਅਨ ਸ਼ਾਹਕੋਟ ਦੇ ਵਰਕਰਾਂ ਵੱਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ,ਸਕੱਤਰ ਗੁਰਚਰਨ ਸਿੰਘ ਚਾਹਲ,ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ,ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ,ਸਕੱਤਰ ਮਨਜੀਤ ਸਿੰਘ ਸਾਬੀ,ਵਿੱਤ ਸਕੱਤਰ ਜਸਪਾਲ ਸਿੰਘ ਸੰਢਾਂਵਾਲ,ਨਿਰਮਲ ਸਿੰਘ ਕਾਂਗਣਾ ਅਤੇ ਮਨਜਿੰਦਰ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਟੌਲ ਕੰਪਨੀ ਉੱਪਰ ਟੌਲ ਨਿਯਮਾਂ ਦੀ ਪਾਲਣਾ ਨਾਂ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਟੌਲ ਕੰਪਨੀ ਨਾਂ ਸਡ਼ਕਾਂ ਦੀ ਮੁਰੰਮਤ ਕਰਵਾ ਰਹੀ ਹੈ,ਨਾਂ ਘਾਹ ਤੇ ਪੌਦਿਆਂ ਦੀ ਕਟਾਈ ਕਰਵਾ ਰਹੀ ਹੈ,ਨਾਂ ਸਡ਼ਕਾਂ ਵਿਚ ਪਏ ਵੱਡੇ ਤੇ ਡੂੰਘੇ ਖੱਡਿਆਂ ਨੂੰ ਪੂਰ ਰਹੀ ਹੈ,ਜਿਸ ਕਾਰਨ ਅਕਸਰ ਹਾਦਸੇ ਵਾਪਰ ਰਹੇ ਹਨ। ਕੰਪਨੀ ਵੱਲੋਂ ਰਾਹਗੀਰਾਂ ਨੂੰ ਨਾਂ ਐਬੂਲੈਂਸ ਤੇ ਨਾਂ ਰਿਕਵਰੀ ਵੈਨ ਦੀ ਸਹੂਲਤ ਦਿਤੀ ਜਾ ਰਹੀ ਹੈ। ਫਲਾਈ ਓਵਰਾਂ ਉੱਪਰ ਲਗਾਈਆਂ ਲਾਈਟਾਂ ਬੰਦ ਪਈਆਂ ਹਨ। ਇੰਨ੍ਹਾਂ ਕਮੀਆਂ ਨੂੰ ਪੂਰਾ ਕਰਵਾਉਣ ਲਈ ਉਨ੍ਹਾਂ ਨੇ ਇਕ ਮਹੀਨਾ ਪਹਿਲਾ ਟੌਲ ਦੇ ਮੈਨੇਜ਼ਰ ਸੋਨੂੰ ਤੋਮਰ ਨੂੰ ਮੰਗ ਪੱਤਰ ਦੇ ਕੇ ਇੰਨ੍ਹਾਂ ਨੂੰ ਦੂਰ ਕਰਵਾਉਣ ਦੀ ਮੰਗ ਕੀਤੀ ਸੀ। ਪਰ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਤੇ ਜਦੋਂ ਕੰਪਨੀ ਨੇ ਇਹ ਕਮੀਆਂ ਨੂੰ ਦੂਰ ਨਾ ਕੀਤਾ ਤਾਂ ਉਨ੍ਹਾਂ ਨੇ ਅੱਜ ਇਕ ਦਿਨ ਦਾ ਸੰਕੇਤਕ ਧਰਨਾ ਲਗਾ ਕੇ ਟੌਲ ਫਰੀ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕੰਪਨੀ ਨੇ ਇੰਨ੍ਹਾਂ ਕਮੀਆਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਟੌਲ ਉੱਪਰ ਪੱਕਾ ਧਰਨਾ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਉਨ੍ਹਾਂ ਦੀ ਯੂਨੀਅਨ 22 ਜਨਵਰੀ ਤੋਂ 26 ਜਨਵਰੀ ਤੱਕ ਡੀ.ਸੀ ਦਫਤਰ ਜਲੰਧਰ ਦੇ ਬਾਹਰ ਧਰਨਾ ਲਗਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਉਕਤ ਪੰਜ ਰੋਜ਼ਾ ਧਰਨਿਆਂ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੇ ਜਾਣ ਵਾਲੇ ਟ੍ਰੈਕਟਰ ਮਾਰਚ ਵਿਚ ਵੱਡੀ ਗਿਣਤੀ ਵਿਚ ਪੁੱਜਣ ਦਾ ਸੱਦਾ ਦਿਤਾ।
ਧਰਨਾਕਾਰੀਆਂ ਲਈ ਚਾਹ ਤੇ ਲੰਗਰ ਦਾ ਪ੍ਰਬੰਧ ਯੂਨੀਅਨ ਦੀ ਇਕਾਈ ਬਾਂਹਮਣੀਆਂ ਅਤੇ ਸਾਊਂਡ ਦੀ ਸੇਵਾ ਇਕਾਈ ਬੁੱਢਣਵਾਲ ਵੱਲੋਂ ਕੀਤੀ ਗਈ।
ਕੈਪਸ਼ਨ-ਚੱਕ ਬਾਂਹਮਣੀਆਂ ਦੇ ਟੌਲ ਪਲਾਜਾ ਉੱਪਰ ਲਗਾਏ ਧਰਨੇ ਮੌਕੇ ਨਾਅਰੇਬਾਜੀ ਕਰਦੇ ਹੋਏ ਬੀ.ਕੇ.ਯੂ.ਉਗਰਾਹਾਂ ਦੇ ਵਰਕਰ