Thursday, June 19, 2025
PunjabSports

ਪੰਜਾਬ ਮਹਿਲਾ ਹਾਕੀ ਮਾਸਟਰਜ਼ ਕਮੇਟੀ ਦਾ ਗਠਨ। ਗੁਰਜੀਤ ਕੌਰ (ਜਲੰਧਰ) ਨੂੰ ਪ੍ਰੈਸ ਸਕੱਤਰ ਕੀਤਾ ਨਿਯੁਕਤ

ਪੰਜਾਬ ਮਹਿਲਾ ਹਾਕੀ ਮਾਸਟਰਜ਼ ਕਮੇਟੀ ਦਾ ਗਠਨ।

 

ਗੁਰਜੀਤ ਕੌਰ (ਜਲੰਧਰ) ਨੂੰ ਪ੍ਰੈਸ ਸਕੱਤਰ ਕੀਤਾ ਨਿਯੁਕਤ 

 

ਸ਼ਾਹਕੋਟ/ਜਲੰਧਰ 31 ਦਸੰਬਰ ( ਰਣਜੀਤ ਬਹਾਦੁਰ ):- ਪੰਜਾਬ ਦੀਆਂ ਸਾਬਕਾ ਹਾਕੀ ਖਿਡਾਰਣਾਂ ਨੇ ਹਾਕੀ ਦੀ ਖੇਡ ਨਾਲ ਆਪਣਾ ਲਗਾਅ ਘੱਟ ਨਹੀਂ ਹੋਣ ਦਿੱਤਾ। ਪੰਜਾਬ ਦੀਆਂ ਇਨ੍ਹਾਂ ਸਾਬਕਾ ਹਾਕੀ ਖਿਡਾਰਣਾਂ ਨੇ ਵੱਡੇਰੀ ਉਮਰ ਦੇ ਹਾਕੀ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਅਹਿਮ ਫੈਸਲਾ ਕਰਦੇ ਹੋਏ ਪੰਜਾਬ ਮਹਿਲਾ ਹਾਕੀ ਮਾਸਟਰਜ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਸਬੰਧੀ ਇਕ ਮੀਟਿੰਗ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਕੀਤੀ ਗਈ ਜਿਸ ਵਿੱਚ ਵੱਖ ਵੱਖ ਜਿਲਿਆਂ ਦੀਆਂ 20 ਸਾਬਕਾ ਹਾਕੀ ਖਿਡਾਰਣਾਂ ਨੇ ਭਾਗ ਲਿਆ। ਇਨ੍ਹਾਂ ਸਾਬਕਾ ਹਾਕੀ ਖਿਡਾਰਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹਾਕੀ ਦੀ ਖੇਡ ਨੇ ਬਹੁਤ ਕੁਝ ਦਿੱਤਾ ਹੈ ਇਸ ਲਈ ਉਹ ਹਾਕੀ ਤੋਂ ਵੱਖ ਨਹੀਂ ਹੋ ਸਕਦੀਆਂ ਅਤੇ ਆਉਣ ਵਾਲੀਆਂ ਹਾਕੀ ਖਿਡਾਰਣਾਂ ਲਈ ਰੋਲ ਮਾਡਲ ਬਣਨਾ ਚਾਹੁੰਦੀਆਂ ਹਨ ਜਿਸ ਕਰਕੇ ਉਹ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਵੀ ਵਡੇਰੀ ਉਮਰ ਦੇ (ਮਾਸਟਰਜ਼) ਹਾਕੀ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਇਸ ਸਬੰਧ ਵਿੱਚ ਉਨ੍ਹਾਂ ਵਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਕੁਲਵਿੰਦਰ ਕੌਰ (ਜਲੰਧਰ), ਚਰਨਜੀਤ ਕੌਰ (ਪਟਿਆਲਾ), ਅਮਨਦੀਪ ਕੌਰ (ਕਪੂਰਥਲਾ) (ਏਸ਼ੀਆਈ ਖੇਡਾਂ ਦੀ ਤਮਗਾ ਜੇਤੂ), ਸਤਿੰਦਰ ਕੌਰ (ਗੁਰਦਾਸਪੁਰ) ਅਤੇ ਸਨੇਹ ਲਤਾ (ਮੋਹਾਲੀ) ਨੂੰ ਸ਼ਾਮਲ ਕੀਤਾ ਗਿਆ ਹੈ। ਜਦਕਿ ਗੁਰਜੀਤ ਕੌਰ (ਜਲੰਧਰ) ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਨੇ ਕਿਹਾ ਹੈ ਕਿ ਇਹ ਕਮੇਟੀ ਹਾਕੀ ਪੰਜਾਬ ਅਤੇ ਹਾਕੀ ਇੰਡੀਆ ਨਾਲ ਤਾਲਮੇਲ ਕਰਕੇ ਪੰਜਾਬ ਦੀਆਂ ਵੱਧ ਤੋਂ ਵੱਧ ਸਾਬਕਾ ਹਾਕੀ ਖਿਡਾਰਣਾਂ ਦੀ ਰਜਿਸਟਰੇਸ਼ਨ ਕਰਵਾ ਕੇ ਹਾਕੀ ਪੰਜਾਬ ਨਾਲ ਸਹਿਯੋਗ ਕਰੇਗੀ ਅਤੇ ਹਾਕੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰੇਗੀ।ਇਸ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਵੀ ਮੁਕਾਬਲੇ ਵਿੱਚ ਪੰਜਾਬ ਦੀ ਮਹਿਲਾ ਮਾਸਟਰਜ਼ ਟੀਮ ਭਾਗ ਲਵੇਗੀ, ਉਸ ਲਈ ਚੋਣ ਟਰਾਇਲ ਕਰਵਾ ਕੇ ਕੋਚਿੰਗ ਕੈਂਪ ਲਗਾ ਕੇ ਬਿਨ੍ਹਾਂ ਕਿਸੇ ਪੱਖਪਾਤ ਦੇ ਟੀਮ ਭੇਜੀ ਜਾਵੇਗੀ ਤਾਂ ਜੋ ਪੰਜਾਬ ਦਾ ਨਾਂਅ ਬੁਲੰਦ ਕੀਤਾ ਜਾ ਸਕੇ। ਇਸ ਮੌਕੇ ਤੇ ਹਾਕੀ ਪੰਜਾਬ ਦੀਆਂ ਐਗਜੀਕਿਊਟਿਵ ਮੈਂਬਰਾਂ ਮੀਨਾਕਸ਼ੀ ਰੰਧਾਵਾ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਉਹ ਵੀ ਚਾਹੁੰਦੀਆਂ ਹਨ ਕਿ ਪੰਜਾਬ ਦੀਆਂ ਸਾਬਕਾ ਹਾਕੀ ਖਿਡਾਰਣਾਂ ਇਕ ਬੈਨਰ ਹੇਠ ਇਕੱਠੀਆਂ ਹੋ ਕੇ ਦੁਬਾਰਾ ਮੈਦਾਨਾਂ ਵਿੱਚ ਆਉਣ ਅਤੇ ਇਸ ਲਈ ਹਾਕੀ ਪੰਜਾਬ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ।