ਡੀ.ਏ.ਵੀ. ਕਾਲਜ ਨਕੋਦਰ ਵਿਖੇ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਗਗਨਦੀਪ ਤੇ ਜੈਸਮੀਨ ਬੈਸਟ ਅਥਲੀਟ ਚੁਣੇ
ਡੀ.ਏ.ਵੀ. ਕਾਲਜ ਨਕੋਦਰ ਵਿਖੇ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ
ਗਗਨਦੀਪ ਤੇ ਜੈਸਮੀਨ ਬੈਸਟ ਅਥਲੀਟ ਚੁਣੇ
ਨਕੋਦਰ 29 ਦਿਸੰਬਰ (ਅਨਿਲ ਐਰੀ/ ਟੋਨੀ )- ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਪ੍ਰੋ. ਕੁਲਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਸਲਾਨਾ ਅਥਲ਼ੈਟਿਕ ਮੀਟ ਕਰਵਾਈ ਗਈ, ਜਿਸ ਵਿਚ ਕੋਚ ਨਗਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਰਿਟਾ. ਡੀ.ਪੀ.ਈ. ਕੁਲਵੰਤ ਸਿੰਘ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕਾਲਜ ਦੀ ਅਥਲੈਟਿਕ ਮੀਟ ਲਗਾਤਾਰ ਹਰ ਸਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਿਹਤ ਸੰਭਾਲਣ ਵਿਚ ਮੱਦਦ ਕਰਦੀਆਂ ਅਤੇ ਇੰਨ੍ਹਾਂ ਰਾਹੀਂ ਸਾਡੀ ਮਾਨਸਿਕਤਾ ਵੀ ਸਕਰਾਤਮਿਕ ਰਹਿੰਦੀ ਹੈ। ਮੁੱਖ ਮਹਿਮਾਨ ਕੋਚ ਨਗਿੰਦਰ ਸਿੰਘ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੀਟ ਵਿਚ ਦੌੜ, ਲਾਂਗ ਜੰਪ, ਸ਼ਾਟਪੁੱਟ ਤੋਂ ਇਲਾਵਾ ਮਨੋਰੰਜਨ ਖੇਡਾਂ ਸੈਕ ਰੇਸ, ਚਾਟੀ ਰੇਸ, ਸਪੂਨ ਰੇਸ ਆਦਿ ਵੀ ਕਰਵਾਈਆਂ ਗਈਆਂ। 200 ਅਤੇ 400 ਮੀਟਰ ਲੜਕਿਆਂ ਦੀ ਦੌੜ ਵਿਚ ਗਗਨਦੀਪ ਅਤੇ ਲੜਕੀਆਂ ਦੀ ਦੌੜ ਵਿਚ ਜੈਸਮੀਨ ਪਹਿਲੇ ਸਥਾਨ ‘ਤੇ ਰਹੇ, ਜਦਕਿ ਲਾਂਗ ਜੰਪ ਵਿਚ ਰਾਹੁਲ ਅਤੇ ਜੈਸਮੀਨ ਪਹਿਲੇ ਸਥਾਨ ‘ਤੇ ਰਹੇ। ਸ਼ਾਟਪੁੱਟ ਵਿਚ ਸੰਜੂ ਅਤੇ ਰਾਹੁਲ ਨੇ ਪਹਿਲਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ ਵਿਚ ਪਹਿਲਾ ਸਥਾਨ ਗਗਨਦੀਪ ਅਤੇ ਨਵਦੀਪ ਕੌਰ ਨੂੰ ਮਿਲਿਆ। ਸੈਕ ਰੇਸ ਵਿਚ ਰਾਹੁਲ ਅਤੇ ਜੈਸਮੀਨ ਪਹਿਲੇ ਸਥਾਨ ‘ਤੇ ਰਹੇ। ਚਾਟੀ ਰੇਸ ਵਿਚ ਜੈਸਮੀਨ ਪਹਿਲੇ ਤੇ ਨਵਦੀਪ ਕੌਰ ਦੂਸਰੇ ਸਥਾਨ ‘ਤੇ ਰਹੇ। ਸਪੂਨ ਰੇਸ ਵਿਚ ਰੇਖਾ ਨੂੰ ਪਹਿਲਾ ਸਥਾਨ ਅਤੇ ਜੈਸਮੀਨ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ। ਲ਼ੜਕਿਆਂ ਵਿਚੋਂ ਬੈਸਟ ਅਥਲੀਟ ਗਗਨਦੀਪ ਅਤੇ ਲੜਕੀਆਂ ਵਿਚੋਂ ਜੈਸਮੀਨ ਨੂੰ ਚੁਣਿਆ ਗਿਆ। ਇਸ ਮੌਕੇ ਸਮੂਹ ਸਟਾਫ਼ ਅਤੇ ਖਿਡਾਰੀਆਂ ਨੇ ਵੱਧ-ਚੜ੍ਹ ਕੇ ਉਤਸ਼ਾਹਪੂਰਵਕ ਖੇਡਾਂ ਵਿਚ ਹਿੱਸਾ ਲਿਆ। ਮੁੱਖ ਮਹਿਮਾਨ, ਪ੍ਰਿੰਸੀਪਲ ਤੇ ਸਟਾਫ਼ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਕੁਲਪ੍ਰੀਤ ਸਿੰਘ ਨੇ ਅਥਲੈਟਿਕ ਮੀਟ ਦੀ ਸਫ਼ਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।