Thursday, June 19, 2025
LocalPunjab

ਗੁਰੂ ਨਾਨਕ ਦੇਵ ਪਬਲਿਕ ਸਕੂਲ ਬੱਗਾ ਦਾ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ

ਗੁਰੂ ਨਾਨਕ ਦੇਵ ਪਬਲਿਕ ਸਕੂਲ ਬੱਗਾ ਦਾ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ 

ਸ਼ਾਹਕੋਟ, 18 ਦਸੰਬਰ ( ਰਣਜੀਤ ਬਹਾਦੁਰ )- ਗੁਰੂ ਨਾਨਕ ਦੇਵ ਪਬਲਿਕ ਸਕੂਲ ਪਿੰਡ ਬੱਗਾ (ਸ਼ਾਹਕੋਟ) ਵਿਖੇ ਸਕੂਲ ਪ੍ਰਿੰਸੀਪਲ ਨੀਤੂ ਫਰਮਾ ਦੀ ਦੇਖ ਰੇਖ ਹੇਠ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਬਲਵਿੰਦਰ ਸਿੰਘ ਥਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ. ਨਗਿੰਦਰ ਸਿੰਘ ਬਾਂਸਲ, ਅੰਕਿਤ ਕੁਮਾਰ, ਜਗਦੀਸ਼ ਕੌਰ ਅਤੇ ਸੰਦੀਪ ਕੌਰ ਯੂ.ਕੇ. ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਗਮ ਵਿੱਚ ਹਾਜ਼ਰ ਹੋਏ। ਮੁੱਖ ਮਹਿਮਾਨ ਬਲਵਿੰਦਰ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਿਥੇ ਸਮਾਗਮ ਦੀ ਵਧਾਈ ਦਿੱਤੀ ਉਥੇ ਉਨ੍ਹਾਂ ਵੱਖ ਵੱਖ ਜਮਾਤਾਂ ਦੇ ਇਮਤਿਹਾਨਾਂ ਤੇ ਹੋਰ ਗਤੀਵਿਧੀਆਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਨੀਤੂ ਫਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਦੀ ਸ਼ੁਰੂਆਤ ਸੁਰਤਾਲ ਸੰਗੀਤ ਵਿਦਿਆਲਾ ਸ਼ਾਹਕੋਟ ਦੇ ਸੰਚਾਲਕ ਸੁਖਪਾਲ ਸਿੰਘ ਦੇਵਗੁਣ ਵਲੋਂ ਤਿਆਰ ਕਰਵਾਏ ਗਏ ਸ਼ਬਦ ਨਾਲ ਹੋਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗੀਤ, ਕੋਰੀਓਗਰਾਫੀ, ਗਿੱਧਾ ਤੇ ਭੰਗੜਾ ਪੇਸ਼ ਕਰਕੇ ਵਾਹ ਵਾਹ ਖੱਟੀ। ਇਸੇ ਦੌਰਾਨ ਗੌਰਵ ਕਰਾਟੇ ਕਲੱਬ ਸ਼ਾਹਕੋਟ ਵਲੋਂ ਤਿਆਰ ਕਰਵਾਈ ਗਈ ਬੱਚਿਆਂ ਦੀ ਪੇਸ਼ਕਾਰੀ ਨੂੰ ਸਾਰਿਆਂ ਵਲੋਂ ਸਲਾਹਿਆ ਗਿਆ। ਪ੍ਰਬੰਧਕਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਕੋਮਲਪ੍ਰੀਤ ਕੌਰ ਜੱਜ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਸਿੰਘ ਦੇਵਗੁਣ, ਗੌਰਵ ਕੁਮਾਰ, ਸੰਦੀਪ ਕੌਰ ਯੂ.ਕੇ., ਗੁਰਮੀਤ ਕੌਰ ਬਾਂਸਲ, ਕੁਲਵਿੰਦਰ ਕੌਰ ਥਿੰਦ, ਸੰਦੀਪ ਕੌਰ, ਬਲਵਿੰਦਰ ਕੌਰ, ਦਵਿੰਦਰ ਵਿੱਕੀ, ਕੁਲਦੀਪ ਸਿੰਘ ਢੋਟ, ਹੈਪੀ ਜੋਸਨ ਸੀਮਿੰਟ ਵਾਲਾ ਆਦਿ ਹਾਜ਼ਰ ਸਨ।

ਕੈਪਸ਼ਨ: ਗੁਰੂ ਨਾਨਕ ਦੇਵ ਪਬਲਿਕ ਸਕੂਲ ਬੱਗਾ ਵਿੱਚ ਕਰਵਾਏ ਗਏ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਬਲਵਿੰਦਰ ਸਿੰਘ ਥਿੰਦ, ਡਾ. ਨਗਿੰਦਰ ਸਿੰਘ ਬਾਂਸਲ, ਅੰਕਿਤ ਕੁਮਾਰ ਤੇ ਹੋਰ ਅਤੇ ਸਮਾਗਮ ਦੀ ਤਿਆਰੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਅਧਿਆਪਕਾਵਾਂ  ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।