ਸਰਕਾਰੀ ਹਸਪਤਾਲ ਮਹਿਤਪੁਰ ਨੂੰ ਜਾਂਦੀ ਪੱਕੀ ਸੜਕ ਦੇ ਉੱਤੇ ਕਈ ਮਹੀਨਿਆਂ ਤੋਂ ਖੜੇ ਗੰਦੇ ਪਾਣੀ ਕਾਰਣ ਲੋਕ ਹੋਏ ਡਾਢੇ ਪਰੇਸ਼ਾਨ! *ਸਫਾਈ (ਸਵੱਸ਼ਤਾ) ਮੁਹਿੰਮ ਅਤੇ ਸਿਹਤ ਸੇਵਾਵਾਂ ਜਾਗਰੂਕਤਾ ਕੈਂਪ-ਮੁਹਿੰਮ ਵਿਚਕਾਰ ਫਸ ਕੇ ਰਹਿ ਗਿਆ ਸਰਕਾਰੀ ਹਸਪਤਾਲ ਮੁਹੱਲਾ ਮਹਿਤਪੁਰ- *ਮਹਿਤਪੁਰ ਦੇ ਮੁੱਢਲਾ ਸਿਹਤ ਕੇਂਦਰ ਨਾਲ ਜੁੜੇ ਹਨ 140 ਪਿੰਡ- *ਸਬ ਤਹਿਸੀਲ ਮਹਿਤਪੁਰ ਦੇ ਇਕਲੌਤੇ ਸੇਵਾ ਕੇਂਦਰ ਵਿੱਚ ਵੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਆਉਂਦੇ ਹਨ ਲੋਕ !
ਸਰਕਾਰੀ ਹਸਪਤਾਲ ਮਹਿਤਪੁਰ ਨੂੰ ਜਾਂਦੀ ਪੱਕੀ ਸੜਕ ਦੇ ਉੱਤੇ ਕਈ ਮਹੀਨਿਆਂ ਤੋਂ ਖੜੇ ਗੰਦੇ ਪਾਣੀ ਕਾਰਣ ਲੋਕ ਹੋਏ ਡਾਢੇ ਪਰੇਸ਼ਾਨ!
*ਸਫਾਈ (ਸਵੱਸ਼ਤਾ) ਮੁਹਿੰਮ ਅਤੇ ਸਿਹਤ ਸੇਵਾਵਾਂ ਜਾਗਰੂਕਤਾ ਕੈਂਪ-ਮੁਹਿੰਮ ਵਿਚਕਾਰ ਫਸ ਕੇ ਰਹਿ ਗਿਆ ਸਰਕਾਰੀ ਹਸਪਤਾਲ ਮੁਹੱਲਾ ਮਹਿਤਪੁਰ-
*ਮਹਿਤਪੁਰ ਦੇ ਮੁੱਢਲਾ ਸਿਹਤ ਕੇਂਦਰ ਨਾਲ ਜੁੜੇ ਹਨ 140 ਪਿੰਡ-
*ਸਬ ਤਹਿਸੀਲ ਮਹਿਤਪੁਰ ਦੇ ਇਕਲੌਤੇ ਸੇਵਾ ਕੇਂਦਰ ਵਿੱਚ ਵੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਆਉਂਦੇ ਹਨ ਲੋਕ !
ਮਹਿਤਪੁਰ 11 ਨਵੰਬਰ (ਰਾਜਾ)।
ਸਮੇਂ ਸਮੇਂ ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਫਾਈ (ਸਵੱਸ਼ਤਾ) ਮੁਹਿੰਮ ਅਤੇ ਸਿਹਤ ਸੇਵਾਵਾਂ ਪ੍ਰਤੀ ਜਾਗਰੂਕਤਾ ਕੈਂਪ-ਮੁਹਿੰਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋੜੀਂਦੇ ਯਤਨ ਸਰਕਾਰਾਂ ਵੱਲੋਂ ਹਰ ਹੀਲੇ ਕੀਤੇ ਜਾਂਦੇ ਹਨ, ਇੱਥੇ ਹੀ ਸਫਾਈ ਜਾਗਰੂਕਤਾ ਮੁਹਿੰਮ ਅਤੇ ਸਿਹਤ ਜਾਗਰੂਕਤਾ ਮੁਹਿੰਮ ਦੇ ਵਿਚਕਾਰ ਫਸ ਕੇ ਰਹਿ ਗਿਆ ਸਰਕਾਰੀ ਹਸਪਤਾਲ ਮੁਹੱਲਾ ਮਹਿਤਪੁਰ ਜੋ ਕਿ ਸਰਕਾਰੀ ਹਸਪਤਾਲ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਬਿਲਕੁਲ ਕੰਧ ਦੇ ਨਾਲ ਲੱਗਦਾ ਹੈ, ਇਹ ਮੁਹੱਲਾ ਵਾਸੀ ਸਰਕਾਰੀ ਹਸਪਤਾਲ ਨੂੰ ਜਾਂਦੀ ਪੱਕੀ ਸੜਕ ਦੇ ਉੱਤੇ ਕਈ ਮਹੀਨਿਆਂ ਤੋਂ ਖੜੇ ਗੰਦੇ ਪਾਣੀ ਕਾਰਨ ਬੇਹਦ ਦੁਖੀ ਹਨ, ਜਿੱਥੇ ਮੁਹੱਲਾ ਵਾਸੀ ਦੁਖੀ ਹਨ ਉੱਥੇ ਹੀ ਮੁੱਢਲਾ ਸਿਹਤ ਕੇਂਦਰ ਸਰਕਾਰੀ ਹਸਪਤਾਲ ਮਹਿਤਪੁਰ ਨਾਲ ਤਕਰੀਬਨ 140 ਪਿੰਡਾਂ ਦੇ ਲੋਕਾਂ ਦੇ ਜੁੜੇ ਹੋਣ ਕਰਕੇ ਸਿਹਤ ਸੇਵਾਵਾਂ ਪ੍ਰਤੀ ਰੋਜ਼ਾਨਾ ਦੀ ਓ ਪੀ ਡੀ ਤਕਰੀਬਨ 150 ਤੋਂ 200 ਦੇ ਵਿਚਕਾਰ ਹੁੰਦੀ ਹੈ, ਇੱਥੇ ਹੀ ਬੱਸ ਨਹੀਂ ਮਹਿਤਪੁਰ ਦੀ ਸਰਕਾਰੀ ਹਸਪਤਾਲ ਦੀ ਚਾਰ ਦੁਆਰੀ ਅੰਦਰ ਬਣੇ ਸਬ ਤਹਿਸੀਲ ਮਹਿਤਪੁਰ ਦੇ ਇਕਲੌਤੇ ਸੇਵਾ ਕੇਂਦਰ ਵਿੱਚ ਵੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਰੋਜ਼ਾਨਾ ਇਸ ਖੜੇ ਅਤੇ ਗੰਦੇ ਪਾਣੀ ਵਿੱਚ ਦੀ ਲੰਘਦੇ ਹਨ ਜੋ ਕਿ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ, ਸਰਕਾਰ ਜਿੱਥੇ ਸਿਹਤ ਪ੍ਰਤੀ ਜਾਗਰੂਕ ਕਰਦੀ ਹੈ, ਸਮੇਂ ਸਮੇਂ ਤੇ ਫੋਗਿੰਗ ਕਰਵਾਉਂਦੀ ਹੈ, ਉੱਥੇ ਹੀ ਇਹਨਾਂ ਦਿਨਾਂ ਵਿੱਚ ਮੱਛਰਾਂ ਦੀ ਬਰੀਡਿੰਗ ਗਰਾਊਂਡ ਇਹਨਾਂ ਦਿਨਾਂ ਵਿੱਚ ਬਹੁਤ ਤੇਜ਼ੀ ਨਾਲ ਵੱਧਦੀ ਹੈ, ਕਿਉਂਕਿ ਇਹਨਾਂ ਦਿਨਾਂ ਵਿੱਚ ਡੇਂਗੂ ਦਾ ਪ੍ਰਕੋਪ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਹਨਾਂ ਦਿਨਾਂ ਵਿੱਚ ਸਰਕਾਰੀ ਹੁਕਮਾਂ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰ ਦੀਆਂ ਅਲੱਗ-ਅਲੱਗ ਟੀਮਾਂ ਸਮੇਂ ਸਮੇਂ ਤੇ ਸਰਕਾਰੀ, ਪ੍ਰਾਈਵੇਟ ਅਦਾਰਿਆਂ ਅਤੇ ਘਰਾਂ ਵਿੱਚ ਜਾ ਕੇ ਖੜੇ ਪਾਣੀ ਅਤੇ ਕਈ ਦਿਨਾਂ ਤੋਂ ਪੁਰਾਣੇ ਖੜੇ ਪਾਣੀ ਤੋਂ ਪੈਦਾ ਹੋਣ ਵਾਲੀ ਖਤਰਨਾਕ ਬਿਮਾਰੀ ਡੇਂਗੂ ਅਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਜਾਗਰੂਕ ਕਰਦੇ ਹਨ, ਜ਼ਿਕਰਯੋਗ ਹੈ ਕਿ ਅੱਠ ਨਵੰਬਰ ਦੇ ਸਰਕਾਰੀ ਅੰਕੜਿਆਂ ਅਨੁਸਾਰ ਡੇਂਗੂ ਦੀ ਖਤਰਨਾਕ ਬਿਮਾਰੀ ਨਾਲ ਪੰਜਾਬ ਵਿੱਚ ਕੁੱਝ ਮੌਤਾਂ ਵੀ ਹੋਈਆਂ ਹਨ। ਅਤੇ ਡੇਂਗੂ ਨਾਲ ਪ੍ਰਭਾਵਿਤ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਇਲਾਜ ਅਧੀਨ ਹਨ। ਇਹ ਇੱਕ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ, ਸਰਕਾਰੀ ਹਸਪਤਾਲ ਮੁਹੱਲਾ ਮਹਿਤਪੁਰ ਦੇ ਜਾਗਰੂਕ ਵੋਟਰਾਂ ਨੇ ਸਰਕਾਰ ਨੂੰ ਫਰਿਆਦ ਕਰਦਿਆਂ ਕਿਹਾ ਕਿ ਸਾਡੀ ਇਸ ਸਮੱਸਿਆ ਤੋਂ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਲਕੇ ਦੀ ਅਗੁਵਾਈ ਕਰਨ ਵਾਲੇ ਲੀਡਰ ਵੀ ਇਸ ਗੱਲ ਤੋਂ ਅਣਜਾਣ ਨਹੀਂ ਹਨ, ਪਰ ਫਿਰ ਵੀ ਇਸ ਸਮੱਸਿਆ ਨੂੰ ਅਮਲ ਵਿੱਚ ਕੋਈ ਲਿਆਉਣ ਦਾ ਯਤਨ ਨਹੀਂ ਹੋ ਰਿਹਾ, ਮੁਹੱਲਾ ਵਾਸੀਆਂ ਅਨੁਸਾਰ 2-3 ਦਿਨਾਂ ਬਾਅਦ ਜਿਆਦਾ ਪਾਣੀ ਖੜ੍ਹਾ ਰਹਿਣ ਕਰਕੇ ਨਗਰ ਪੰਚਾਇਤ ਮਹਿਤਪੁਰ ਦੇ ਟੈਂਕਰ ਵਿੱਚ ਪਾਣੀ ਭਰਕੇ ਕਿਸੇ ਢੁੱਕਵੀਂ ਜਗ੍ਹਾ ਤੇ ਵਹਾ ਦਿੱਤਾ ਜਾਂਦਾ ਹੈ, ਇਸ ਸਮੱਸਿਆ ਸਬੰਧੀ ਮੁਹੱਲਾ ਵਾਸੀ ਕਈ ਵਾਰ ਨਗਰ ਪੰਚਾਇਤ ਮਹਿਤਪੁਰ ਨੂੰ ਲਿਖਤੀ ਰੂਪ ਵਿੱਚ ਵੀ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਖੜੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਦੀਆਂ ਖਬਰਾਂ ਸੁਣ ਸੁਣ ਕੇ ਮੁਹੱਲਾ ਵਾਸੀ ਹਰ ਦਿਨ ਅਤੇ ਹਰ ਰਾਤ ਖੌਫ ਦੇ ਸਾਏ ਵਿੱਚੋਂ ਲੰਘਦੇ ਹਨ, ਜਾਗਰੂਕ ਵੋਟਰਾਂ ਨੇ ਸਰਕਾਰ ਨੂੰ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਜਿਵੇਂ ਜਿਵੇਂ ਹਰ ਦਿਨ ਤਿਓਹਾਰ ਤੇ ਪੰਜਾਬ ਸਰਕਾਰ ਆਪਣੇ ਵਾਸੀਆਂ ਲਈ ਕੋਈ ਨਾ ਕੋਈ ਰਾਹਤ ਭਰੀ ਸਕੀਮ ਦਾ ਐਲਾਨ ਕਰਦੀ ਜਾਂ ਕਿਸੇ ਸਕੀਮ ਨੂੰ ਤੋਹਫੇ ਦੇ ਨਾਮ ਵਜੋਂ ਐਲਾਨਦੀ ਹੈ, ਉਂਝ ਹੀ ਸਾਡੀ ਵੀ ਇਸ ਮੁਸ਼ਕਿਲ ਨੂੰ ਹੱਲ ਕਰਕੇ ਸਾਨੂੰ ਵੀ ਦਿਵਾਲੀ ਦੇ ਤੋਹਫੇ ਦਾ ਨਾਮ ਦਿੱਤਾ ਜਾਵੇ, ਇਸ ਸਬੰਧੀ ਐਸ ਐਮ ਓ ਮਹਿਤਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਹੁਰਾਂ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਅਸੀਂ ਨਗਰ ਪੰਚਾਇਤ ਮਹਿਤਪੁਰ ਦਫ਼ਤਰ ਨੂੰ ਲਿਖਤੀ ਅਤੇ ਐਸ ਡੀ ਐਮ ਨਕੋਦਰ ਨੂੰ ਸੂਚਿਤ ਕੀਤਾ ਹੋਇਆ ਹੈ, ਇਸ ਸਬੰਧੀ ਐਸ ਡੀ ਐਮ ਨਕੋਦਰ ਨਾਲ ਮੀਟਿੰਗ ਵੀ ਹੋ ਚੁਕੀ ਹੈ, ਉਹਨਾਂ ਨੇ ਇਸ ਮੁਸ਼ਕਿਲ ਨੂੰ ਜਲਦ ਹੱਲ ਕਰਨ ਬਾਰੇ ਕਿਹਾ ਹੈ, ਇਸ ਸਬੰਧੀ ਜਦ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਕੰਮ ਜਲਦ ਹੀ ਸ਼ੁਰੂ ਹੋ ਰਿਹਾ ਹੈ!