ਕੁਦਰਤੀ ਸਰੋਤਾਂ ਨੂੰ ਲੁੱਟਕੇ ਅਮੀਰ ਹੋਣ ਦੀ ਅੰਨ੍ਹੀ ਦੌੜ ਵਿੱਚ ਲੱਗਾ ਮਨੁੱਖ : ਸੰਤ ਸੀਚੇਵਾਲ ਪਹਾੜਾਂ ਨੂੰ ਮਜ਼ਬੂਤ ਰੱਖਣ ਤੇ ਸੰਭਾਲ ਬਾਰੇ ਹੋਇਆ ਕੌਮਾਂਤਰੀ ਸੈਮੀਨਾਰ
ਕੁਦਰਤੀ ਸਰੋਤਾਂ ਨੂੰ ਲੁੱਟਕੇ ਅਮੀਰ ਹੋਣ ਦੀ ਅੰਨ੍ਹੀ ਦੌੜ ਵਿੱਚ ਲੱਗਾ ਮਨੁੱਖ : ਸੰਤ ਸੀਚੇਵਾਲ
ਪਹਾੜਾਂ ਨੂੰ ਮਜ਼ਬੂਤ ਰੱਖਣ ਤੇ ਸੰਭਾਲ ਬਾਰੇ ਹੋਇਆ ਕੌਮਾਂਤਰੀ ਸੈਮੀਨਾਰ
ਸ਼ਾਹਕੋਟ / ਨਵੀ ਦਿੱਲੀ , 05 ਨਵੰਬਰ ( ਰਣਜੀਤ ਬਹਾਦੁਰ ):-
ਮਾਊਂਟੇਨ ਕਲਾਈਮੇਟ ਟਰੱਸਟ ਵੱਲੋਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਪਹਾੜਾਂ ਦੀ ਮਜ਼ਬੂਤੀ ਅਤੇ ਸਾਂਭ ਸੰਭਾਲ ਅਤੇ ਰੱਖ ਰਖਾਵ ਸੰਬੰਧੀ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮਨੁੱਖ ਕੁਦਰਤ ਦੇ ਸਰੋਤਾਂ ਨੂੰ ਲੁੱਟ ਕੇ ਅਮੀਰ ਹੋਣ ਦੀ ਦੌੜ ਵਿੱਚ ਲੱਗਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਅੰਨ੍ਹੀ ਦੌੜ ਕਾਰਨ ਹੀ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਹਾਂ। ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਰਿਸ਼ੀ ਮੁਨੀ ਵੀ ਜਦੋਂ ਤਪੱਸਿਆ ਲਈ ਪਹਾੜਾਂ ਤੇ ਚੱਲੇ ਜਾਂਦੇ ਸਨ ਤਾਂ ਉਹ ਕੁਦਰਤ ਨੂੰ ਨੁਕਸਾਨ ਪਹੁੰਚਾਏ ਬਿਨਾਂ ਹੀ ਸਾਲਾਂ ਬੱਧੀ ਤਪੱਸਿਆ ਕਰਦੇ ਰਹਿੰਦੇ ਸਨ। ਇਹਨਾਂ ਰਿਸ਼ੀਆਂ ਮੁਨੀਆਂ ਨੇ ਕਦੇ ਵੀ ਪਾਣੀ ਦੇ ਕੁਦਰਤੀ ਸਾਧਨਾਂ ਨੂੰ ਪਲੀਤ ਨਹੀ ਸੀ ਕੀਤਾ ਤੇ ਨਾ ਹੀ ਬਨਸਪਤੀ ਦਾ ਉਜਾੜਾ ਕੀਤਾ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਵਿਕਾਸ ਦੇ ਨਾਂ ਤੇ ਪਹਾੜਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਅੰਨ੍ਹੇਵਾਹ ਰੱਖਾਂ ਦੀ ਕਟਾਈ ਕਰਕੇ ਵਾਤਾਵਰਣ ਦਾ ਸੰਤੁਲਨ ਵਿਗਾੜਿਆ ਜਾ ਰਿਹਾ ਹੈ। ਆਲਮੀ ਤਪਸ਼ ਵੱਧਣ ਨਾਲ ਬਰਫਾਂ ਲੱਦੇ ਪਹਾੜ ਸੁੰਨੇ ਹੋ ਰਹੇ ਹਨ। ਉਹਨਾਂ ਕਿਹਾ ਕਿ ਗੁਰਬਾਣੀ ਤੇ ਅਮਲ ਕਰਦਿਆ ਸਮੁੱਚੇ ਸੰਸਾਰ ਨੂੰ ਆਲਮੀ ਤਪਸ਼ ਤੋਂ ਬਚਾਇਆ ਜਾ ਸਕਦਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਪਹਾੜਾਂ ਤੇ ਜਦੋਂ ਮੀਂਹ ਪੈਂਦਾ ਹੈ ਤਾਂ ਉਸਦਾ ਨੁਕਸਾਨ ਮੈਦਾਨੀ ਇਲਾਕਿਆਂ ਨੂੰ ਝੱਲਣਾ ਪੈਂਦਾ ਹੈ। ਉਹਨਾਂ ਅਪੀਲ ਕਿਹਾ ਕਿ ਕੁਦਰਤ ਨਾਲ ਇੱਕਮਿਕ ਹੋ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕਦਾ ਹੈ।
ਸੈਮੀਨਾਰ ਦਾ ਉਦਘਾਟਨ ਕਰਦਿਆ ਪਦਮ ਭੂਸ਼ਣ, ਸਾਬਕਾ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਤੇ ਸੈਟਰਲ ਯੁਨੀਵਰਸਿਟੀ ਕਸ਼ਮੀਰ ਦੇ ਚਾਂਸਲਰ ਐਸ.ਏ ਹਸਨੈਨ ਨੇ ਕਿਹਾ ਕਿ ਤਕਨੀਕ ਪੱਖੋ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। ਉਹਨਾਂ ਦੱਸਿਆ ਕਿ 15 ਸਾਲ ਪਹਿਲਾਂ ਜਦੋਂ ਉੜੀਸਾ ਦੇ ਤੱਟਵਰਤੀ ਇਲਾਕੇ ਵਿੱਚ ਚੱਕਰਵਾਤ ਆਇਆ ਸੀ ਤਾਂ 15 ਹਜ਼ਾਰ ਦੇ ਕਰੀਬ ਮੌਤਾਂ ਹੋਈਆਂ ਸਨ। ਪਰ ਹੁਣ ਜਦੋਂ ਇਸਤੋਂ ਵੀ ਤੇਜ਼ ਚੱਕਰਵਾਤ ਦੀਆਂ ਲਹਿਰਾਂ ਰਾਤ ਦੇ ਤੱਟੀ ਇਲਾਕਿਆਂ ਨਾਲ ਟਕਰਾਈਆਂ ਤਾਂ ਇੱਕ ਵੀ ਵਿਅਕਤੀ ਦੀ ਮੌਤ ਨਹੀ ਹੋਈ ਕਿਉਂਕਿ ਇਸਦੀ ਅਗਾਊ ਜਾਣਕਾਰੀ ਮਿਲ ਗਈ ਸੀ। ਉਹਨਾਂ ਕਿਹਾ ਭੁਚਾਲ ਆਉਣ ਦਾ ਸਿਰਫ 45 ਸੈਕਿੰਡ ਪਹਿਲ਼ਾਂ ਪਤਾ ਲੱਗਦਾ ਸੀ।
ਇਸ ਮੌਕੇ ਡਾ. ਕਮਲਜੀਤ ਸਿੰਘ ਬਾਵਾ, ਫਾਲਗੁਨੀ ਰਾਜਕੁਮਾਰ ਸਾਬਕਾ ਆਈ.ਏ.ਐਸ, ਉਤਰਾਖੰਡ ਰਾਜ ਦੇ ਸਟੇਟ ਕੋਆਪਰਰਟਿਵ ਦੇ ਚੇਅਰਮੈਨ ਦਾਨ ਸਿੰਘ ਰਾਵਤ, ਡਾ. ਸਿਦਕੀ ਵਾਹਿਦ, ਸ੍ਰੀ ਇਕਲਾਬਿਆ ਸ਼ਰਮਾ, ਕੈਪਟਨ ਸਵਦੇਸ਼ ਕੁਮਾਰ ਆਦਿ ਹਾਜ਼ਰ ਸੀ।