Friday, June 20, 2025
LocalPunjab

ਲੋਕਾਂ ਧਰਨਾ ਲਾ ਕੇ ਰੋਕੇ ਰੇਤਾ ਦੇ ਓਵਰਲੋਡ ਟਿੱਪਰ ਤੇ ਟਰਾਲੀਆਂ ਸਰਕਾਰੀ ਰੇਟ ਤੋਂ ਵੱਧ ਮਹਿੰਗੇ ਭਾਅ ‘ਤੇ ਵੇਚੀ ਜਾ ਰਹੀ ਰੇਤਾ : ਕਾਮਰੇਡ ਥੰਮੂਵਾਲ

ਲੋਕਾਂ ਧਰਨਾ ਲਾ ਕੇ ਰੋਕੇ ਰੇਤਾ ਦੇ ਓਵਰਲੋਡ ਟਿੱਪਰ ਤੇ ਟਰਾਲੀਆਂ

ਸਰਕਾਰੀ ਰੇਟ ਤੋਂ ਵੱਧ ਮਹਿੰਗੇ ਭਾਅ ‘ਤੇ ਵੇਚੀ ਜਾ ਰਹੀ ਰੇਤਾ : ਕਾਮਰੇਡ ਥੰਮੂਵਾਲ

 

ਸ਼ਾਹਕੋਟ / ਮਲਸੀਆਂ,5 ਨਵੰਬਰ ( ਰਣਜੀਤ ਬਹਾਦੁਰ ): ਪਿੰਡ ਚੱਕ ਬਾਹਮਣੀਆਂ, ਥੰਮੂਵਾਲ ਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਲੰਘਦੇ ਰੇਤਾ ਨਾਲ ਭਰੇ ਓਵਰਲੋਡ ਟਿੱਪਰਾਂ ਤੇ ਟਰਾਲੀਆਂ ਨੂੰ ਰੋਕ ਕੇ ਧਰਨਾ ਲਗਾਇਆ ਗਿਆ, ਜੋ ਚਾਰ ਘੰਟੇ ਦੇ ਕਰੀਬ ਜਾਰੀ ਰਿਹਾ।

ਧਰਨੇ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾ ਆਗੂ ਤੇ ਪਿੰਡ ਥੰਮੂਵਾਲ ਦੇ ਸਾਬਕਾ ਸਰਪੰਚ ਕਾਮਰੇਡ ਚਰਨਜੀਤ ਸਿੰਘ ਨੇ ਕਿਹਾ ਕਿ ਰੇਤਾ ਦੀ ਖੱਡ ਮੋਗਾ ਜ਼ਿਲ੍ਹੇ ਦੇ ਪਿੰਡ ਬਾਸੀਆਂ ਵਿਚ ਪੈਂਦੀ ਹੈ ਪਰ ਇਸ ਦੀ ਨਿਕਾਸੀ ਜਲੰਧਰ ਜ਼ਿਲ੍ਹੇ ਦੇ ਪਿੰਡਾਂ ‘ਚੋਂ ਹੁੰਦੀ ਹੈ। ਧੜੱਲੇ ਨਾਲ ਹੋ ਰਹੀ ਮਾਈਨਿੰਗ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਰੇਤੇ ਨਾਲ ਲੱਦੇ ਇਨ੍ਹਾਂ ਓਵਰਲੋਡ ਟਿੱਪਰਾਂ ਤੇ ਟਰਾਲੀਆਂ ਕਾਰਨ ਕਈ ਹਾਦਸਿਆਂ ‘ਚ ਕੀਮਤੀ ਜਾਨਾਂ ਤਕ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰੇਤ ਠੇਕੇਦਾਰ ਵੱਲੋਂ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਦਰਿਆ ‘ਚੋਂ 25 ਤੋਂ 30 ਫੁੱਟ ਹੇਠਾਂ ਤੱਕ ਜਾ ਕੇ ਰੇਤਾ ਕੱਢੀ ਜਾ ਰਹੀ ਹੈ ਜਦਕਿ ਸਰਕਾਰ ਵੱਲੋਂ ਸਿਰਫ ਤਿੰਨ ਫੁੱਟ ਤੱਕ ਹੀ ਰੇਤਾ ਕੱਢਣ ਦੀ ਇਜ਼ਾਜਤ ਹੈ। ਓਵਰਲੋਡ ਵਾਹਨਾਂ ਕਾਰਨ ਬੰਨ੍ਹ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਨ੍ਹਾਂ ਦੇ ਕਮਜ਼ੋਰ ਹੋਣ ਨਾਲ ਦਰਿਆ ਦੇ ਨਾਲ ਲੱਗਦੇ ਇਲਾਕਿਆਂ ‘ਚ ਰਹਿੰਦੇ ਲੋਕਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਰ ਮਹੀਨੇ ਪਹਿਲਾਂ ਆਏ ਹੜ੍ਹਾਂ ਦੀ ਮਾਰ ਅਜੇ ਵੀ ਲੋਕ ਝੱਲ ਰਹੇ ਹਨ। ਕਾਮਰੇਡ ਚਰਨਜੀਤ ਨੇ ਦੋਸ਼ ਲਗਾਇਆ ਕਿ ਰੇਤ ਠੇਕੇਦਾਰ ਦੇ ਕਰਿੰਦੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਤਾ ਦੇ 5.50 ਰੁਪਏ ਫੁੱਟ ਰੇਟ ਦੀ ਜਗ੍ਹਾ 13 ਰੁਪਏ ਪ੍ਰਤੀ ਫੁੱਟ ਤੱਕ ਕੀਮਤ ਵਸੂਲ ਕਰ ਰਹੇ ਹਨ। ਇਸ ਨਾਲ ਆਮ ਲੋਕਾਂ ਦੀ ਜੇਬ ‘ਤੇ ਬੋਝ ਪੈ ਰਿਹਾ ਹੈ। ਸਰਕਾਰ ਨੂੰ ਖੁਫੀਆ ਤੌਰ ‘ਤੇ ਇਸ ਦੀ ਪੜਤਾਲ ਕਰਕੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ।

ਮੌਕੇ ‘ਤੇ ਪੁੱਜੀ ਧਰਮਕੋਟ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਸਖਤ ਲਹਿਜ਼ੇ ਵਿਚ ਧਰਨਾ ਚੁੱਕਣ ਲਈ ਕਿਹਾ ਗਿਆ ਪਰ ਧਰਨਾਕਾਰੀਆਂ ਵੱਲੋਂ ਸਥਾਨਕ ਪੁਲਿਸ ਦੀ ਗੈਰ-ਹਾਜ਼ਰੀ ‘ਚ ਬਾਹਰਲੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਵਿਰੋਧ ਕਰ ਦਿੱਤਾ ਗਿਆ। ਇਸ ਤੋਂ ਬਾਅਦ ਐੱਸਐੱਚਓ ਧਰਮਕੋਟ ਨਵਦੀਪ ਭੱਟੀ ਵੀ ਧਰਨਾ ਸਥਾਨ ‘ਤੇ ਪਹੁੰਚ ਗਏ। ਉਨ੍ਹਾਂ ਆਪਣੀ ਸੂਝ-ਬੂਝ ਨਾਲ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨੇ ‘ਤੇ ਬੈਠੇ ਲੋਕ ਰੇਤ ਠੇਕੇਦਾਰ ਖਿਲਾਫ ਰੋਸ ਪ੍ਰਗਟਾਉਂਦੇ ਰਹੇ। ਇਸ ਉਪਰੰਤ ਐੱਸਐੱਚਓ ਵੱਲੋਂ ਰੇਤ ਠੇਕੇਦਾਰ ਨੂੰ ਵੀ ਮੌਕੇ ‘ਤੇ ਬੁਲਾ ਲਿਆ ਗਿਆ। ਰੇਤ ਠੇਕੇਦਾਰ ਨੇ ਮੰਨਿਆ ਕਿ ਪੋਪਲਾਈਨ ਮਸ਼ੀਨਾਂ ਮੌਕੇ ‘ਤੇ ਖੜ੍ਹੀਆਂ ਤਾਂ ਹਨ ਪਰ ਉਸਦੀ ਵਰਤੋਂ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੀਤੀ ਜਾਵੇਗੀ। ਰੇਤ ਠੇਕੇਦਾਰ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਆਪਣੇ ਤੌਰ ‘ਤੇ ਮਿੱਟੀ ਪੁਆ ਕੇ ਬੰਨ੍ਹ ਨੂੰ ਮਜ਼ਬੂਤ ਕਰਵਾਉਣਗੇ। ਰੇਤ ਠੇਕੇਦਾਰ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਹੋ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਵੀ ਮੌਕੇ ‘ਤੇ ਪੁੱਜੇ। ਇਸ ਤੋਂ ਬਾਅਦ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਤੇ ਐੱਸਐੱਚਓ ਜਸਵਿੰਦਰ ਸਿੰਘ ਵੀ ਬੰਨ੍ਹ ‘ਤੇ ਪੁੱਜ ਗਏ। ਡੀਐੱਸਪੀ ਨੇ ਦੱਸਿਆ ਕਿ ਰੇਤਾ ਦੀ ਖੱਡ ਮੋਗਾ ਜ਼ਿਲ੍ਹੇ ਦੀ ਮਨਜ਼ੂਰਸ਼ੁਦਾ ਖੱਡ ਹੈ। ਧਰਨੇ ਕਾਰਨ 25 ਤੋਂ ਵਧੇਰੇ ਟਿੱਪਰ ਤੇ ਕਈ ਟਰੈਕਟਰ-ਟਰਾਲੀਆਂ ਦਾ ਲੰਬਾ ਜਾਮ ਲੱਗਾ ਹੋਇਆ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਇਹ ਜਾਮ ਨੂੰ ਖੁੱਲ੍ਹਵਾ ਦਿੱਤਾ।