ਪਿੰਡਾਂ ਦੇ ਬਹੁ-ਪੱਖੀ ਵਿਕਾਸ ਲਈ ਇਲਾਕੇ ਦੀਆਂ 30 ਪੰਚਾਇਤਾਂ ਨੇ ਸੀਚੇਵਾਲ ਮਾਡਲ ਨੂੰ ਦੱਸਿਆ ਵਰਦਾਨ ਸੀਚੇਵਾਲ ਮਾਡਲ ਇਕੱਲਾ ਪਾਣੀ ਦੀ ਮੁੜ ਵਰਤੋਂ ਦਾ ਮਾਡਲ ਹੀ ਨਹੀ ਸਗੋਂ ਬਹੁ-ਮੰਤਵੀ ਮਾਡਲ ਹੈ: ਸੰਤ ਸੀਚੇਵਾਲ
ਪਿੰਡਾਂ ਦੇ ਬਹੁ-ਪੱਖੀ ਵਿਕਾਸ ਲਈ ਇਲਾਕੇ ਦੀਆਂ 30 ਪੰਚਾਇਤਾਂ ਨੇ ਸੀਚੇਵਾਲ ਮਾਡਲ ਨੂੰ ਦੱਸਿਆ ਵਰਦਾਨ
ਸੀਚੇਵਾਲ ਮਾਡਲ ਇਕੱਲਾ ਪਾਣੀ ਦੀ ਮੁੜ ਵਰਤੋਂ ਦਾ ਮਾਡਲ ਹੀ ਨਹੀ ਸਗੋਂ ਬਹੁ-ਮੰਤਵੀ ਮਾਡਲ ਹੈ: ਸੰਤ ਸੀਚੇਵਾਲ
ਸ਼ਾਹਕੋਟ / ਮਲਸੀਆਂ, 4 ਨਵੰਬਰ( ਰਣਜੀਤ ਬਹਾਦੁਰ ) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਬਾਰੇ ਦੂਜੀਆਂ ਪੰਚਾਇਤਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਸੀ.ਈ.ਓ ਜ਼ੀਨਤ ਖੈਹਿਰਾ ਦੀ ਅਗਵਾਈ ਵਿੱਚ ਜਲੰਧਰ ਜ਼ਿਲ੍ਹੇ ਦੇ ਨਕੋਦਰ ਤੇ ਨੂਰਮਹਿਲ ਬਲਾਕਾਂ ਦੀਆਂ 30 ਪਿੰਡਾਂ ਦੇ ਸਰਪੰਚਾਂ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਤੇ ਸੀਚੇਵਾਲ ਮਾਡਲ ਸੰਸਥਾਪਕ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ਵਿੱਚ ਇਹਨਾਂ ਸਰਪੰਚਾਂ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸੂਬੇ ਦੇ ਪੰਚਾਇਤੀ ਰਾਜ ਪ੍ਰਬੰਧ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹਨ। ਉਹਨਾਂ ਦੱਸਿਆ ਕਿ ਸੀਚੇਵਾਲ ਮਾਡਲ ਇਕੱਲਾ ਪਾਣੀ ਦੀ ਮੁੜ ਵਰਤੋਂ ਦਾ ਮਾਡਲ ਹੀ ਨਹੀਂ ਸਗੋਂ ਬਹੁ-ਮੰਤਵੀ ਮਾਡਲ ਹੈ। ਟੀਮ ਨੇ ਤਲਵੰਡੀ ਮਾਧੋ ਪਿੰਡ ਵਿੱਚ ਅਪਗ੍ਰੇਡ ਕੀਤੇ ਗਏ ਸੀਚੇਵਾਲ ਮਾਡਲ-2 ਦਾ ਮੌਕੇ ਤੇ ਜਾ ਕੇ ਅਧਿਐਨ ਕੀਤਾ , ਜਿਸਨੂੰ ਸਮੇਂ ਮੁਤਾਬਿਕ ਤਿਆਰ ਕੀਤਾ ਗਿਆ ਹੈ । ਸੰਤ ਸੀਚੇਵਾਲ ਨੇ 1999 ਵਿੱਚ ਬਣਾਏ ਇਸ ਮਾਡਲ ਦੀਆਂ ਖੂਬੀਆਂ ਦੱਸਦਿਆਂ ਕਿਹਾ ਕਿ ਇਹ ਮਾਡਲ ਜਿੱਥੇ ਕੁਦਰਤ ਪੱਖੀ ਹੈ ਉੱਥੇ ਸਭ ਤੋਂ ਘੱਟ ਖਰਚੀਲਾ ਵੀ ਹੈ। ਇਸ ਮਾਡਲ ਦੀਆਂ ਬਾਰੀਕੀਆਂ ਦੱਸਦਿਆ ਉਹਨਾਂ ਕਿਹਾ ਕਿ ਪਿੰਡ ਦੀ ਨਿਵਾਣ ਅਨੁਸਾਰ ਹੀ ਇਸ ਮਾਡਲ ਤਹਿਤ ਛੱਪੜ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਜੋ ਸਾਰੇ ਪਿੰਡ ਦਾ ਗੰਦਾ ਪਾਣੀ ਬਿਨਾਂ ਕਿਸੇ ਮੋਟਰ ਦੇ ਕੁਦਰਤੀ ਵਹਾਅ ਰਾਹੀ ਇੱਕ ਜਗ੍ਹਾ ਆ ਜਾਵੇ। ਫਿਰ ਇਸਨੂੰ ਸਾਈਕਲੋਨ ਵਿਧੀ ਰਾਹੀ ਘੁਮਾਇਆ ਜਾਂਦਾ ਹੈ ਤੇ ਛੱਪੜ ਵਿੱਚ ਪਾਣੀ ਇੱਕਠਾ ਕਰਨ ਤੋਂ ਬਾਅਦ ਇਸਨੂੰ ਖੇਤੀ ਲਈ ਵਰਤਿਆ ਜਾਂਦਾ ਹੈ। ਸੰਤ ਸੀਚੇਵਾਲ ਮੀਂਹ ਦੇ ਪਾਣੀ ਨੂੰ ਕਿਵੇਂ ਖੇਤਾਂ ਵਿੱਚ ਜੀਰਨਾ ਹੈ ਅਤੇ ਠੋਸ ਕੂੜੇ ਵਿੱਚੋਂ ਕਿਵੇਂ ਲਿਫਾਫੇ, ਕੱਚ ਅਤੇ ਰੋੜੇ ਆਦਿ ਨੂੰ ਵੱਖ ਕਰਕੇ ਰੂੜੀ ਨੂੰ ਖਾਦ ਦੇ ਰੂਪ ਵਿੱਚ ਬਦਲਿਆ ਜਾਂਦਾ ਹੈ ਬਾਰੇ ਵੀ ਜਾਣਕਾਰੀ ਦਿੱਤੀ । ਇਸ ਮੌਕੇ ਪਿੰਡ ਸੀਚੇਵਾਲ ਦੇ ਸਰਪੰਚ ਤਜਿੰਦਰ ਸਿੰਘ, ਮੈਂਬਰ ਪੰਚਾਇਤ ਸੁਰਜੀਤ ਸਿੰਘ ਸ਼ੰਟੀ, ਮੈਂਬਰ ਪੰਚਾਇਤ ਰਾਮ ਆਸਰਾ, ਮਹਿਲਾ ਮੰਡਲ ਦੀ ਪ੍ਰਧਾਨ ਗੁਰਬਖਸ਼ ਕੌਰ ਹਾਜ਼ਰ ਰਹੇ।