Thursday, June 19, 2025
LocalPunjab

ਅਧਿਆਪਕਾਂ ਨੂੰ ਲਾਲ ਲਕੀਰ ਅੰਦਰਲੇ ਘਰਾਂ ਦੀ ਨਿਸ਼ਾਨਦੇਹੀ ਕਰਨ ਲਈ ਤੋਰਿਆ-ਡੀ.ਟੀ.ਐਫ

ਅਧਿਆਪਕਾਂ ਨੂੰ ਲਾਲ ਲਕੀਰ ਅੰਦਰਲੇ ਘਰਾਂ ਦੀ ਨਿਸ਼ਾਨਦੇਹੀ ਕਰਨ ਲਈ ਤੋਰਿਆ-ਡੀ.ਟੀ.ਐਫ

ਸ਼ਾਹਕੋਟ,18 ਅਕਤੂਬਰ ( ਰਣਜੀਤ ਬਹਾਦੁਰ ):- 

ਅਧਿਆਪਕਾਂ ਨੂੰ ਲਾਲ ਲਕੀਰ ਅੰਦਰਲੇ ਘਰਾਂ ਦੀ ਨਿਸ਼ਾਨਦੇਹੀ ਕਰਨ ਦੇ ਕੰਮ ਵਿਚ ਲਗਾ ਕੇ ਪੰਜਾਬ ਦੀ ਆਪ ਸਰਕਾਰ ਨੇ ਅਧਿਆਪਕਾਂ ਕੋਲੋ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਦੀ ਇਕ ਨਵੀਂ ਮਿਸ਼ਾਲ ਪੈਦਾ ਕੀਤੀ ਹੈ। ਉਕਤ ਦੋਸ਼ ਡੈਮੋਕ੍ਰੇਟਿਕ ਟੀਚਰਜ਼ ਫਰੰਟ ( ਪੰਜਾਬ) ਬਲਾਕ ਸ਼ਾਹਕੋਟ ਇਕ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਅਤੇ ਬਲਾਕ ਸ਼ਾਹਕੋਟ ਦੋ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਲਗਾਇਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਕੋਲੋ ਬੱਚਿਆਂ ਨੂੰ ਪਡ਼੍ਹਾਉਣ ਦਾ ਕੰਮ ਲੈਣ ਦੀ ਥਾਂ ’ਤੇ ਸਰਕਾਰ ਲਗਾਤਾਰ ਉਨ੍ਹਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾ ਕੇ ਸਰਕਾਰੀ ਸਿੱਖਿਆ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਤਾਜਾ ਹੁਕਮਾਂ ਤਹਿਤ ਤਹਿਸੀਲ ਸ਼ਾਹਕੋਟ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬੀ.ਐਲ.ਓ ( ਜਿਹਡ਼ੇ ਜਿਆਦਾਤਰ ਅਧਿਆਪਕ ਹਨ) ਨੂੰ ਪਿੰਡਾਂ ਦੇ ਨਕਸੇ ਦੇ ਕੇ ਉਨ੍ਹਾਂ ਨੂੰ ਲਾਲ ਲਕੀਰ ਅੰਦਰ ਰਹਿੰਦੇ ਘਰਾਂ ਦੀ ਨਿਸ਼ਾਨਦੇਹੀ ਕਰਨ ਲਈ 19 ਅਕਤੂਬਰ ਤੱਕ ਕੰਮ ਮੁਕੰਮਲ ਕਰਨ ਲਈ ਪਾਬੰਦ ਕਰ ਦਿਤਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਹੁਣ ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਦਾ ਕੰਮ ਵੀ ਅਧਿਆਪਕਾਂ ਕੋਲੋ ਕਰਵਾ ਕੇ ਸਿੱਖਿਆ ਦਾ ਅਨੋਖਾ ਦਿੱਲੀ ਮਾਡਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪਹਿਲਾ ਹੀ ਅਧਿਆਪਕਾਂ ਦੀ ਬੇਹੱਦ ਘਾਟ ਪਾਈ ਜਾ ਰਹੀ ਹੈ। ਮਿਡਲ ਅਤੇ ਅਨੇਕਾਂ ਹੋਰਨਾਂ ਸਕੂਲਾਂ ਵਿਚੋ ਅਧਿਆਪਕਾਂ ਨੂੰ ਜ਼ਬਰੀ ਬਦਲ ਕੇ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਰਹੀ ਹੈ। ਇਹ ਮਹੀਨੇ ਵਿਦਿਆਰਥੀਆਂ ਦੀ ਪਡ਼੍ਹਾਈ ਦੇ ਬਹੁਤ ਹੀ ਅਹਿਮ ਹੁੰਦੇ ਹਨ। ਇਸ ਸਮੇਂ ਅਧਿਆਪਕਾਂ ਕੋਲੋ ਪਟਵਾਰੀਆਂ ਵਰਗੇ ਕੰਮ ਲੈਣ ਨਾਲ ਬੱਚਿਆਂ ਦੀ ਪਡ਼੍ਹਾਈ ਬਹੁਤ ਪਛਡ਼ ਜਾਵੇਗੀ। ਅਧਿਆਪਕ ਆਗੂਆਂ ਨੇ ਕਿਹਾ ਕਿ ਸਾਰਾ ਸਾਲ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾਉਣ ਵਾਲੀ ਸਰਕਾਰ ਨੇ ਸ਼ੈਸ਼ਨ ਦੇ ਅੰਤ ਵਿਚ ਅਧਿਆਪਕਾਂ ਕੋਲੋ ਚੰਗੇ ਨਤੀਜੇ ਵੀ ਮੰਗਣੇ ਹਨ। ਅਧਿਆਪਕਾਂ ਨੂੰ ਸਾਰਾ ਸਾਲ ਬੱਚਿਆਂ ਤੋਂ ਦੂਰ ਰੱਖਕੇ ਚੰਗੇ ਨਤੀਜਿਆਂ ਦੀ ਆਸ ਕਿਵੇ ਕੀਤੀ ਜਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮੇਰਾ ਘਰ-ਮੇਰੇ ਨਾਮ ਸਕੀਮ ਤਹਿਤ ਲਾਲ ਲਕੀਰ ਅੰਦਰ ਰਹਿਣ ਵਾਲਿਆਂ ਦਾ ਸਰਵੇ ਕਰਨ ਲਈ ਲਗਾਈਆਂ ਅਧਿਆਪਕਾਂ ਦੀਆਂ ਡਿਊਟੀਆਂ ਤੋਂ ਅਧਿਆਪਕਾਂ ਨੂੰ ਫਾਰਗ ਕਰਕੇ ਸਬੰਧਿਤ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਕੰਮ ’ਤੇ ਲਗਾਇਆ ਜਾਵੇ। ਅਜਿਹਾ ਨਾਂ ਕਰਨ ਤੇ ਉਹ ਬੱਚਿਆਂ ਦੀ ਪਡ਼੍ਹਾਈ ਨੂੰ ਬਚਾਉਣ ਲਈ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ।