Thursday, June 19, 2025
LocalPunjab

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੰਪਿਊਟਰ ਅਧਿਆਪਕਾਂ ਦਾ ਤਿੰਨ ਰੋਜ਼ਾ ਰੋਸ ਧਰਨਾ 13 ਅਕਤੂਬਰ ਤੋਂ

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੰਪਿਊਟਰ ਅਧਿਆਪਕਾਂ ਦਾ ਤਿੰਨ ਰੋਜ਼ਾ ਰੋਸ ਧਰਨਾ 13 ਅਕਤੂਬਰ ਤੋਂ 

 

ਸ਼ਾਹਕੋਟ , 11 ਅਕਤੂਬਰ ( ਰਣਜੀਤ ਬਹਾਦੁਰ ) ਹੱਕਾਂ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਵੱਲੋਂ ਲੜੀਵਾਰ ਸੰਘਰਸ਼ ਦੇ ਹਿੱਸੇ ਵਜੋਂ 13, 14 ਅਤੇ 15 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਤਿੰਨ ਰੋਜ਼ਾ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਵੀਰ ਸਿੰਘ ਪੰਮੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪਿੱਛਲੇ ਸਾਲ 15 ਸਤੰਬਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਦੀਵਾਲੀ ਦੇ ਮੌਕੇ ‘ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਦਾ ਜਨਤਕ ਤੌਰ ‘ਤੇ ਐਲਾਨ ਕੀਤਾ ਸੀ, ਪਰ ਜਿਵੇਂ ਹੀ ਦਿੱਲੀ, ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਲੰਘੀਆਂ, ਉਹ ਆਪਣੇ ਸ਼ਬਦਾਂ ਤੋਂ ਪਿੱਛੇ ਹੱਟ ਗਏ, ਜੋ ਕਿ ਨਿਰਾਸ਼ਾਜਨਕ ਹੈ। ਹੁਣ ਸਿੱਖਿਆ ਮੰਤਰੀ ਉਨ੍ਹਾਂ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਹਾਥੀ ਵਾਂਗ ਪੰਜਾਬ ਸਰਕਾਰ ਦੇ ਖਾਣ ਲਈ ਦੰਦ ਹੋਰ ਅਤੇ ਦਿਖਾਉਣ ਦੇ ਦੰਦ ਹੋਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕੰਪਿਊਟਰ ਅਧਿਆਪਕਾਂ ਪ੍ਰਤੀ ਸਰਕਾਰ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ, ਜਿਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜਿ਼ੰਮੇਵਾਰ ਹੋਵੇਗੀ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੋਈ ਨਵੀਂ ਮੰਗ ਨਹੀਂ ਹੈ। ਪੰਜਾਬ ਸਰਕਾਰ ਵੱਲੋਂ 2011 ਵਿੱਚ ਇਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਸੀ, ਪਰ ਰੈਗੂਲਰ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੰਪਿਊਟਰ ਅਧਿਆਪਕਾਂ ਦੇ ਸਾਰੇ ਅਧਿਕਾਰ ਬਹਾਲ ਕਰਨ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਹੋਰਨਾਂ ਅਧਿਆਪਕਾਂ ਵਾਂਗ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦਿੱਤਾ ਜਾਵੇ, ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸੀ.ਐਸ.ਆਰ ਨਿਯਮਾਂ ਤਹਿਤ ਉਨ੍ਹਾਂ ਨੂੰ ਬਣਦੇ ਸਾਰੇ ਲਾਭ ਦਿੱਤੇ ਜਾਣ। ਪਿੱਛਲੇ ਸਮੇਂ ਦੌਰਾਨ ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੌਕਰੀ ਅਤੇ ਵਿੱਤੀ ਲਾਭ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਗਰਗ, ਮਨਪ੍ਰੀਤ ਸਿੰਘ ਪਟਿਆਲਾ, ਗਗਨਦੀਪ ਸਿੰਘ ਅੰਮ੍ਰਿਤਸਰ, ਧਿਆਨ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਬਲਜੀਤ ਸਿੱਧੂ, ਪਰਮਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਗਿਆਨ ਸਿੰਘ ਆਦਿ ਹਾਜ਼ਰ ਸਨ।