ਚੱਲਦੀ ਰੇਲ ਗੱਡੀ ਵਿੱਚੋਂ ਡਿੱਗਣ ਕਾਰਨ ਸ਼ਾਹਕੋਟ ਰੇਲਵੇ ਸਟੇਸ਼ਨ ਲਾਗੇ ਵਿਅਕਤੀ ਦੀ ਮੌਤ * ਮ੍ਰਿਤਕ ਵਿਅਕਤੀ ਦੀ ਨਹੀਂ ਹੋਈ ਪਹਿਚਾਣ * ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆ ਲਈ ਮੋਰਚਨੀ ‘ਚ ਰੱਖਿਆ
ਚੱਲਦੀ ਰੇਲ ਗੱਡੀ ਵਿੱਚੋਂ ਡਿੱਗਣ ਕਾਰਨ ਸ਼ਾਹਕੋਟ ਰੇਲਵੇ ਸਟੇਸ਼ਨ ਲਾਗੇ ਵਿਅਕਤੀ ਦੀ ਮੌਤ
* ਮ੍ਰਿਤਕ ਵਿਅਕਤੀ ਦੀ ਨਹੀਂ ਹੋਈ ਪਹਿਚਾਣ * ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆ ਲਈ ਮੋਰਚਨੀ ‘ਚ ਰੱਖਿਆ
ਸ਼ਾਹਕੋਟ, 14 ਅਗਸਤ ( ਰਣਜੀਤ ਬਹਾਦੁਰ )
ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ‘ਤੇ ਦੁਪਹਿਰ ਸਮੇਂ ਚਲਦੀ ਰੇਲ ਗੱਡੀ ਵਿੱਚੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੀਬ 12:16 ਵਜੇ ਤੇ ਡੀ.ਐੱਮ.ਯੂ. ਰੇਲ ਗੱਡੀ ਨੰ: 07983 ਲੁਧਿਆਣਾ ਤੋਂ ਲੋਹੀਆ ਜਾਣ ਸਮੇਂ ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ਤੇ ਰੁੱਕੀ, ਜਦ 2 ਮਿੰਟ ਰੁਕਣ ਤੋਂ ਬਾਅਦ ਗੱਡੀ 12:18 ਵਜੇ ਗੱਡੀ ਲੋਹੀਆਂ ਵੱਲ ਨੂੰ ਚੱਲੀ ਤਾਂ ਉਸ ਵਿੱਚੋਂ ਇੱਕ ਵਿਅਕਤੀ ਚੱਲਦੀ ਗੱਡੀ ਵਿੱਚੋਂ ਸਟੇਸ਼ਨ ਵੱਲ ਉਤਰਨ ਦੀ ਬਿਜਾਏ ਪੱਟੜੀ ਵਾਲੇ ਪਾਸੇ ਉਤਰਨ ਲੱਗਾ ਤਾਂ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਪੱਟੜੀ ਤੇ ਡਿੱਗ ਗਿਆ ਅਤੇ ਉਸ ਦਾ ਸਿਰ ਪੱਟੜੀ ਤੇ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਬਾਰੇ ਗੱਡੀ ਚਾਲਕ ਨੂੰ ਵੀ ਪਤਾ ਨਾ ਲੱਗਾ ਅਤੇ ਗੱਡੀ ਲੋਹੀਆ ਵੱਲ ਰਵਾਨਾ ਹੋ ਗਈ। ਕੁੱਝ ਸਮੇਂ ਬਾਅਦ ਉਥੋਂ ਲੰਘ ਰਹੇ ਇੱਕ ਬੱਚੇ ਨੇ ਪੱਟੜੀ ਤੇ ਡਿੱਗੇ ਵਿਅਕਤੀ ਨੂੰ ਦੇਖਿਆ ਅਤੇ ਸਟੇਸ਼ਨ ਮਾਸਟਰ ਪ੍ਰਵੀਨ ਕੁਮਾਰ ਨੂੰ ਸੂਚਿਤ ਕੀਤਾ, ਜਿਨਾਂ ਮੌਕੇ ਤੇ ਪਹੁੰਚ ਦੇਖਿਆ ਤਾਂ ਇੱਕ ਵਿਅਕਤੀ ਲਹੂ ਲੁਹਾਣ ਪੱਟੜੀ ਤੇ ਡਿੱਗਾ ਪਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਸਬੰਧੀ ਉਨਾਂ ਜੀ.ਆਰ.ਪੀ. ਲੋਹੀਆ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਕੁੱਝ ਸਮੇਂ ਵਿੱਚ ਏ.ਐਸ.ਆਈ. ਸੁਖਵਿੰਦਰ ਸਿੰਘ, ਏ.ਐਸ.ਆਈ. ਸੋਹਣ ਸਿੰਘ ਅਤੇ ਪੀ.ਐਚ.ਸੀ., ਸੁਰਜੀਤ ਕੁਮਾਰ ਹਾਦਸੇ ਵਾਲੀ ਜਗ੍ਹਾਂ ਪਹੁੰਚੇ, ਜਿਨਾਂ ਲਾਸ਼ ਦੀ ਸ਼ਨਾਖ਼ਤ ਕਰਨ ਦੀ ਕੋਸਿ਼ਸ਼ ਕੀਤੀ, ਪਰ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਜਾਂਚ ਅਧਿਕਾਰੀ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸ਼ਨਾਖ਼ਤ ਲਈ 72 ਘੰਟੇ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਮੋਰਚਨੀ ਵਿੱਚ ਰੱਖਵਾ ਦਿੱਤਾ ਗਿਆ ਹੈ ਤੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।