Friday, June 20, 2025
Punjab

ਨਵੀ ਸਿੱਖਿਆ ਨੀਤੀ 20 ਤਹਿਤ ਸਕੂਲ ਮਰਜਿੰਗ ਦੀ ਨੀਤੀ ਬੰਦ ਕੀਤੀ ਜਾਵੇ…ਜੀਟੀਯੂ (ਵਿਗਿਆਨਿਕ )

ਨਵੀ ਸਿੱਖਿਆ ਨੀਤੀ 20 ਤਹਿਤ ਸਕੂਲ ਮਰਜਿੰਗ ਦੀ ਨੀਤੀ ਬੰਦ ਕੀਤੀ ਜਾਵੇ…ਜੀਟੀਯੂ (ਵਿਗਿਆਨਿਕ )

 

ਐਸ ਏ ਐਸ ਨਗਰ / ਨਕੋਦਰ ,30 ਜੁਲਾਈ( ਬਿਊਰੋ )   

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਸੰਬੰਧੀ ਪ੍ਰੈਸ ਨੋਟ ਰਹੀ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿੱਚ ਬਿਨਾਂ ਪਾਸ ਕੀਤਿਆਂ ਨਵੀਂ ਸਿੱਖਿਆ ਨੀਤੀ 2020 ਨੂੰ ਪੰਜਾਬ ਸਰਕਾਰ ਵੱਲੋਂ  ਬਹੁਤ ਜਲਦੀ ਨਾਲ ਲਾਗੂ ਕੀਤਾ ਜਾ ਰਿਹਾ ਹੈ।ਇਸ ਨਵੀਂ ਸਿੱਖਿਆ ਨੀਤੀ 2020 ਤਹਿਤ ਘੱਟ ਗਿਣਤੀ ਵਾਲੇ ਬੱਚਿਆਂ ਦੇ ਮਿਡਲ ਸਕੂਲਾਂ ਨੂੰ  ਬੰਦ ਕਰ ਰਹੀ ਹੈ ਅਤੇ ਇੱਕੋ ਕੈਂਪਸ ਵਿੱਚ ਚਲ ਰਹੇ ਪ੍ਰਾਇਮਰੀ ਅਤੇ ਮਿਡਲ/ਹਾਈ ਸਕੂਲ ਨੂੰ ਇਕੱਠੇ ਕਰ ਰਹੀ ਹੈ । ਜਥੇਬੰਦੀ  ਸਰਕਾਰ ਦੇ ਇਨ੍ਹਾਂ ਕਦਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਅਤੇ ਜਥੇਬੰਦੀ ਸਪਸ਼ਟ ਕਰਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਿੱਖਿਆ ਦੇ ਸਕੂਲ ਸਿਸਟਮ ਵਿੱਚ ਨਿਘਾਰ ਆਵੇਗਾ। ਇਹ ਪ੍ਰਕਿਰਿਆ ਕੇਂਦਰ ਦੀ ਇਕ ਦੇਸ਼, ਇਕ ਭਾਸ਼ਾ, ਇਕੋ ਸਿੱਖਿਆ ਦੇ ਕਦਮ ਅਨੁਸਾਰ ਕੀਤਾ ਜਾ ਰਿਹਾ ਹੈ। ਇਸ ਸਿੱਖਿਆ ਨੀਤੀ ਅਧੀਨ ਸਿੱਖਿਆ ਦਾ ਕੇਂਦਰੀਕਰਨ, ਵਪਾਰੀਕਰਨ, ਭਗਵਾਂਕਰਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੀ ਇਸ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪੰਜਾਬ ਦੀ ਸਿੱਖਿਆ ਨੂੰ ਉਸੇ ਰਾਹ ‘ਤੇ ਤੋਰ ਰਹੀ ਹੈ।ਸੂਬਾ ਵਿੱਤ ਸਕੱਤਰ ਸੋਮ ਸਿੰਘ, ਬਿਕਰਮਜੀਤ ਸਿੰਘ ਸ਼ਾਹ, ਪ੍ਰਗਟ ਸਿੰਘ ਜੰਬਰ, ਜਗਤਾਰ ਸਿੰਘ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਇਸੇ ਕੜੀ ਦਾ ਇਕ ਹਿੱਸਾ ਹੈ । ਇਹ ਸਿੱਖਿਆ ਪ੍ਰਣਾਲੀ ਭੇਦਭਾਵ ਵਾਲੀ ਸਿੱਖਿਆ ਦੇਣ ਅਤੇ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ 4000 ਰੁਪਏ ਵਿੱਚ ਵਰਦੀਆਂ ਦੇਣ ਦੀ ਪ੍ਰਕਿਰਿਆ ਆਮ ਬੱਚਿਆਂ ਨਾਲ ਭੇਦਭਾਵ ਕਰਨ ਦੇ ਬਰਾਬਰ ਹੈ । ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਗਿਆ ਸਗੋਂ ਸਿਰਫ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੀ ਕੀਤਾ ਗਿਆ ਹੈ। ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਕੱਚੇ ਅਧਿਆਪਕਾਂ ਅਤੇ ਅਤੇ ਨਾਨ ਟੀਚਿੰਗ ਸਟਾਫ਼ ਜੋ ਦਫਤਰਾਂ ਵਿੱਚ ਕੰਮ ਕਰਦਾ ਹੈ ਨਾਲ ਕੀਤੇ ਵਾਅਦੇ ਅਨੁਸਾਰ ਸਾਰੇ ਲਾਭਾਂ ਸਮੇਤ ਪੱਕਾ ਕੀਤਾ ਜਾਵੇ। ਇਸ ਮੌਕੇ ਗੁਰਮੀਤ ਸਿੰਘ ਖਾਲਸਾ, ਅਸ਼ਵਨੀ ਕੁਮਾਰ, ਗੁਰਪ੍ਰੀਤ ਮੁਕਤਸਰ, ਰੇਸ਼ਮ ਕੰਬੋਜ ,ਜਤਿੰਦਰ ਸੋਨੀ,ਕੰਵਲਜੀਤ ਸੰਗੋਵਾਲ ,ਜਗਦੀਪ ਸਿੰਘ ਜੌਹਲ,ਲਾਲ ਚੰਦ,ਜਰਨੈਲ ਜੰਡਾਲੀ,ਬਲਬੀਰ ਸਿੰਘ ਸੰਗਰੂਰ ਆਦਿ ਆਗੂ ਹਾਜ਼ਰ ਸਨ।